ਹੁਣ ਅਮਰੀਕੀ ਉਤਪਾਦਾਂ ‘ਤੇ ਵੀ ਲੱਗੇਗਾ ਟੈਰਿਫ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਹੁਣ ਤੱਕ ਸ਼ਾਂਤ ਬੈਠੇ ਭਾਰਤ ਨੇ ਆਖਿਰਕਾਰ ਪਹਿਲੀ ਵਾਰ ਟਰੰਪ ਦੀ ਟੈਕਸ ਪਾਲਿਸੀ ਖਿਲਾਫ ਜਵਾਬ ਦਿੱਤਾ ਹੈ। ਭਾਰਤ ਨੇ ਅਮਰੀਕੀ ਉਤਪਾਦਾਂ ‘ਤੇ ਟੈਰਿਫ ਲਗਾਉਣ ਦਾ ਪ੍ਰਸਤਾਵ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (WTO) ਨੂੰ ਸੌਂਪਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਆਯਾਤ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਏ ਜਾਣ ਦੇ ਜਵਾਬ ਵਿਚ ਚੁੱਕਿਆ ਗਿਆ ਹੈ। WTO ਨੂੰ ਭੇਜੇ ਗਏ 12 ਮਈ ਦੇ ਦਸਤਾਵੇਜ਼ ਵਿਚ ਸਪੱਸ਼ਟ ਕੀਤਾ ਗਿਆ ਕਿ ਪ੍ਰਸਤਾਵਿਤ ਰਿਆਇਤਾਂ ਜਾਂ ਹੋਰ ਦੇਣਦਾਰੀ ਦੀ ਪ੍ਰਸਤਾਵਿਤ ਮੁਅੱਤਲੀ ਦੇ ਨਤੀਜੇ ਵਜੋਂ ਅਮਰੀਕਾ ਤੋਂ ਆਉਣ ਵਾਲੇ ਚੋਣਵੇਂ ਉਤਪਾਦਾਂ ‘ਤੇ ਟੈਰਿਫ ਵਧੇਗਾ।
ਅਮਰੀਕਾ ਨੇ ਮਾਰਚ ਵਿਚ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਟੀਲ ਤੇ ਐਲੂਮੀਨੀਅਮ ‘ਤੇ 25 ਫੀਸਦੀ ਟੈਰਿਫ ਲਾਗੂ ਕੀਤਾ ਸੀ। ਇਹ ਟੈਰਿਫ 2018 ਵਿਚ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਵਿਚ ਸ਼ੁਰੂ ਕੀਤੀ ਗਈ ਨੀਤੀ ਦਾ ਵਿਸਤਾਰ ਹੈ। ਇਸ ਕਦਮ ਨਾਲ ਭਾਰਤ ਵਰਗੇ ਵੱਡੇ ਸਟੀਲ ਉਤਪਾਦਕ ਦੇਸ਼ ‘ਤੇ ਸਿੱਧਾ ਅਸਰ ਪਿਆ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਚਾ ਸਟੀਲ ਉਤਪਾਦਕ ਦੇਸ਼ ਹੈ।ਭਾਰਤ ਨੇ ਆਪਣੇ ਦਸਤਾਵੇਜ਼ ਵਿਚ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਲਗਭਗ 7.6 ਬਿਲੀਅਨ ਡਾਲਰ ਦੇ ਭਾਰਤ ਦੇ ਬਣਾਏ ਉਤਪਾਦਾਂ ‘ਤੇ ਅਸਰ ਪਿਆ ਹੈ ਜੋ ਅਮਰੀਕਾ ਵਿਚ ਨਿਰਯਾਤ ਕੀਤੇ ਜਾਂਦੇ ਹਨ।