48 ਘੰਟਿਆਂ ਦੇ ਅੰਦਰ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਖਿਲਾਫ਼ ਗਲਤ ਤੇ ਬੇਬੁਨਿਆਦ ਦੋਸ਼ ਲਗਾਉਣ ਲਈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ ਕਰਨਗੇ।
ਵਰਮਾ ਨੇ ਅੱਜ ਸ਼ਾਮ ਦੋਵੇਂ ‘ਆਪ’ ਆਗੂਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਇਨ੍ਹਾਂ ਰਾਹੀਂ 48 ਘੰਟੇ ਦੇ ਅੰਦਰ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਨੋਟਿਸਾਂ ਵਿੱਚ ਕੇਜਰੀਵਾਲ ਤੇ ਮਾਨ ’ਤੇ ਪਰਵੇਸ਼ ਵਰਮਾ ਬਾਰੇ ਗ਼ਲਤ ਤੇ ਝੂਠੀ ਬਿਆਨਬਾਜ਼ੀ ਕਰਨ ਅਤੇ ਬੇਬੁਨਿਆਦ ਟਵੀਟ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਨੋਟਿਸਾਂ ਵਿੱਚ ਕਿਹਾ ਗਿਆ ਹੈ, ‘‘ਇਸ ਕਾਨੂੰਨੀ ਨੋਟਿਸ ਦੇ ਪ੍ਰਾਪਤ ਹੋਣ ਤੋਂ ਬਾਅਦ ਤੁਹਾਨੂੰ ਮੇਰੇ ਮੁਵੱਕਿਲ ਕੋਲੋਂ 48 ਘੰਟਿਆਂ ਦੇ ਅੰਦਰ ਮੁਆਫ਼ੀ ਮੰਗਣ ਦੇ ਨਾਲ ਇਕ ਸੌ ਕਰੋੜ ਰੁਪਏ (50-50 ਕਰੋੜ ਦੋਹਾਂ ਨੂੰ) ਮੇਰੇ ਮੁਵੱਕਿਲ ਨੂੰ ਉਸ ਦੇ ਮਾਣ ਸਨਮਾਨ ਦੇ ਹੋਏ ਨੁਕਸਾਨੇ ਦੀ ਭਰਪਾਈ ਲਈ ਦੇਣੇ ਹੋਣਗੇ। ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ’ਤੇ ਤੁਹਾਡੇ ਖਿਲਾਫ਼ ਕਾਨੂੰਨੀ ਅਦਾਲਤ ਤੇ ਪੁਲੀਸ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।