ਫਰੀਦਕੋਟ ਲੋਕ ਸਭਾ ਹਲਕੇ ਦੇ ਸੰਸਦ ਭਾਈ ਸਰਬਜੀਤ ਸਿੰਘ ਨੇ ਅੱਜ ਇੱਥੇ ਆਪਣੀ ਪਲੇਠੀ ਫੇਰੀ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਸੰਸਦ ਵਿੱਚ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਚਾਰਾਜੋਈ ਕਰਨਗੇ। ਭਾਈ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਸਮੁੱਚੇ ਲੋਕ ਸਭਾ ਹਲਕੇ ਵਿੱਚ ਆਪਣੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮਿਲਣਗੇ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਜਨਤਕ ਮੀਟਿੰਗਾਂ ਕਰਨਗੇ ਅਤੇ ਲੋਕਾਂ ਦੇ ਮੁੱਦੇ ਇਕੱਠੇ ਕਰਕੇ ਸੰਸਦ ਵਿੱਚ ਲੈ ਕੇ ਜਾਣਗੇ। ਫਰੀਦਕੋਟ ਦੇ ਨਵੇਂ ਚੁਣੇ ਸਾਂਸਦ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਹ ਹਲਕੇ ਦੇ ਲੋਕਾਂ ਦੀ ਹਰ ਉਮੀਦ ’ਤੇ ਖਰਾ ਉਤਰਨ ਲਈ ਸਦਾ ਯਤਨਸ਼ੀਲ ਰਹਿਣਗੇ। ਸਰਬਜੀਤ ਸਿੰਘ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਅਤੇ ਪੰਜਾਬ ਸਰਕਾਰ ਰਲ ਕੇ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਕੋਈ ਸਨਅਤੀ ਇਕਾਈ ਦਿੰਦੇ ਹਨ ਤਾਂ ਇਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਹੋਣ ਕਾਰਨ ਪੰਜਾਬ ਦੇ ਨੌਜਵਾਨ ਬਾਹਰਲੇ ਸੂਬਿਆਂ ਨੂੰ ਭੱਜ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਖਿਲਾਫ ਜਨਤਕ ਮੁਹਿੰਮ ਛੇੜਨ ਦਾ ਭਰੋਸਾ ਦਿੱਤਾ।
ਮਾਨਸਾ (ਪੱਤਰ ਪ੍ਰੇਰਕ): ਫਰੀਦਕੋਟ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਬਰਗਾੜੀ ਕਾਂਡ ਅਤੇ ਬੇਅਦਬੀ ਮਾਮਲੇ ਨੂੰ ਸੰਸਦ ਵਿੱਚ ਉਠਾਉਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ 302 ਦਾ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਕਾਨੂੰਨੀ ਪੱਖ ਨਾਲ ਉਹ ਦੇਸ਼ ਦੀ ਸੰਸਦ ਵਿੱਚ ਚੁੱਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਦਾ ਮਾਮਲਾ ਜਿਸ ਰੂਪ ਵਿੱਚ ਉਠਣਾ ਚਾਹੀਦਾ ਸੀ, ਉਹ ਅੱਜ ਤੱਕ ਪੰਜਾਬ ਦੇ ਕਿਸੇ ਵੀ ਰਾਜਨੀਤਿਕ ਆਗੂ ਨੇ ਨਾ ਹੀ ਲੋਕ ਸਭਾ ਵਿੱਚ ਉਠਾਇਆ ਅਤੇ ਨਾ ਹੀ ਪੰਜਾਬ ਵਿਧਾਨ ਸਭਾ ਨੂੰ ਉਠਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ। ਉਹ ਅੱਜ ਇਥੇ ਭਾਈ ਗੁਰਸੇਵਕ ਸਿੰਘ ਜਵਾਹਰਕੇ ਦੇ ਘਰ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨਾਲ, ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੀ ਸਭ ਤੋਂ ਵੱਡੀ ਉਮੀਦ ਆਮ ਆਦਮੀ ਪਾਰਟੀ ਤੋਂ ਫਰੀਦਕੋਟ ਦੇ ਲੋਕਾਂ ਨੂੰ ਹੋ ਗਈ ਸੀ, ਪਰ ਉਹ ਲੋਕਾਂ ਦੀਆਂ ਭਾਵਨਾਵਾਂ ਉਪਰ ਬਿਲਕੁਲ ਖ਼ਰੇ ਨਹੀਂ ਉਤਰੇ, ਜਿਸ ਕਰਕੇ ਲੋਕ ਉਨ੍ਹਾਂ ਤੋਂ ਅੱਕੇ ਪਏ ਸਨ।