ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਵਿਧਾਨ ਬਦਲਣ ਸਬੰਧੀ ਅਨੰਤ ਕੁਮਾਰ ਹੈਗੜੇ ਦੀਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਅਜਿਹੇ ਕਦਮਾਂ ਨਾਲ ਦੇਸ਼ ਵਿੱਚ ‘ਉਥਲ-ਪੁਥਲ’ ਮੱਚ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਸਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ’ਤੇ ਸੰਵਿਧਾਨ ਵਿੱਚ ਦਰਜ ਸਮਾਜਿਕ ਨਿਆਂ ਤੇ ਧਰਮ-ਨਿਰਪੱਖ ਖਿਲਾਫ਼ ਹੋਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਪਾਰਟੀ ਦੇ ਕਈ ਆਗੂ ਅਤੇ ਸੰਸਦ ਮੈਂਬਰ ਅਤੀਤ ਵਿੱਚ ਵੀ ਅਜਿਹੇ ਬਿਆਨ ਦੇ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਨੇ ਹੁਣ ਤੱਕ ਚੁੱਪ ਵੱਟੀ ਹੋਈ ਹੈ।
ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਸਵਾਲ ਕੀਤਾ, ‘‘ਪ੍ਰਧਾਨ ਮੰਤਰੀ ਮੋਦੀ ਇਸ ਮੁੱਦੇ ’ਤੇ ਚੁੱਪ ਕਿਉਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਜਾਂ ਆਰਐੱਸਐੱਸ ਦੇ ਕਿਸੇ ਆਗੂ ਨੇ ਸੰਵਿਧਾਨ ਬਦਲਣ ਬਾਰੇ ਗੱਲ ਕੀਤੀ ਹੋਵੇ। ਅਤੀਤ ਵਿੱਚ ਵੀ ਕਈ ਆਗੂ ਅਜਿਹੇ ਬਿਆਨ ਦੇ ਚੁੱਕੇ ਹਨ। ਭਾਜਪਾ ਆਗੂਆਂ ਨੂੰ ਇਸ ਤਰ੍ਹਾਂ ਬੋਲਣ ਦੀ ਇਜਾਜ਼ਤ ਕਿਉਂ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਹ ਚੰਗੀ ਮਾਨਸਿਕਤਾ ਨਹੀਂ ਹੈ। ਜੇਕਰ ਤੁਸੀਂ ਸੰਵਿਧਾਨ ਬਦਲਣਾ ਚਾਹੁੰਦੇ ਹੋ ਤਾਂ ਦੇਸ਼ ਵਿੱਚ ਉਥਲ-ਪੁਥਲ ਵਾਲਾ ਮਾਹੌਲ ਬਣ ਜਾਵੇਗਾ।’’
ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘‘ਸੰਵਿਧਾਨ ਬਦਲਣ’ ਦੇ ਭਾਜਪਾ ਸੰਸਦ ਮੈਂਬਰ ਦੇ ਬਿਆਨ ’ਤੇ ਨਰਿੰਦਰ ਮੋਦੀ ਦੀ ਚੁੱਪ ਖ਼ਤਰਨਾਕ ਹੈ। ਹੁਣ ਚੋਣ ਮੁਕਾਬਲਾ ਦੋ ਵਿਚਾਰਧਾਰਾਵਾਂ ਵਿਚਕਾਰ ਹੈ।’’ ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਸੰਵਿਧਾਨਕ ਜਾਂ ਗ਼ੈਰ-ਸੰਵਿਧਾਨ, ਸਮਾਜਿਕ ਨਿਆਂ ਜਾਂ ਸ਼ੋਸ਼ਣ, ਧਰਮਨਿਰਪੱਖ ਜਾਂ ਫਿਰਕਾਪ੍ਰਸਤੀ, ਮਨੁੱਖੀ ਅਧਿਕਾਰ ਜਾਂ ਨਿਤਾਣੇ ਲੋਕ, ਬੋਲਣ ਦੀ ਆਜ਼ਾਦੀ ਜਾਂ ਡਰ ਕਾਰਨ ਚੁੱਪੀ, ਪਿਆਰ ਜਾਂ ਨਫ਼ਰਤ, ਵਿਭਿੰਨਤਾ ਜਾਂ ਏਕਾਧਿਕਾਰ, ਨਿਆਂ ਵਿਵਸਥਾ ਜਾਂ ਤਾਨਾਸ਼ਾਹੀ ਅਨਿਆਂ ਵਿਚਕਾਰ ਹੈ। ਇਸ ਦੌਰਾਨ ਭਾਜਪਾ ਤੋਂ ਅਸਤੀਫ਼ਾ ਦੇਣ ਵਾਲੇ ਚੁਰੂ ਤੋਂ ਸੰਸਦ ਮੈਂਬਰ ਰਾਹੁਲ ਕਾਸਵਾਨ ਅੱਜ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਲੋਕ ਸਭਾ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।
ਸੰਵਿਧਾਨ ਵਿੱਚ ਸੋਧ ਸਬੰਧੀ ਟਿੱਪਣੀਆਂ ਬਾਰੇ ਸਪੱਸ਼ਟ ਕਰਨ ਪ੍ਰਧਾਨ ਮੰਤਰੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ
Leave a comment