ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਜਲੰਧਰ : ਆਪਣਾ ਪੰਜਾਬ ਮੀਡੀਆ : ਸੰਤ ਬਾਬਾ ਭਾਗ ਸਿੰਘ ਯੂਨਵਿਰਸਿਟੀ ਵਿੱਚ ਚੌਥਾ ਸਾਲਾਨਾ ਡਿਗਰੀ ਵੰਡ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਕਨਵੋਕੇਸ਼ਨ ਦਾ ਆਰੰਭ ਸ਼ਬਦ ਕੀਰਤਨ ਤੋਂ ਬਾਅਦ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਸਰਬਤ ਦੇ ਭਲੇ ਲਈ ਅਰਦਾਸ ਉਪਰੰਤ ਦੀਪ ਜਗਾਉਣ ਦੀ ਰਸਮ ਦੇ ਨਾਲ ਹੋਇਆ। ਚਾਂਸਲਰ ਸੰਤ ਮਨਮੋਹਨ ਸਿੰਘ ਤੋਂ ਸਮਾਗਮ ਨੂੰ ਸ਼ੁਰੂ ਕਰਨ ਦੀ ਆਗਿਆ ਲੈ ਕੇ ਡਿਗਰੀ ਵੰਡ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਗ਼ਾਜ਼ ਹੋਇਆ।
ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਬਲਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਯੂਨੀਵਰਸਿਟੀ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਡੀਨ ਅਕਾਦਮਿਕ ਡਾ. ਵਿਜੇ ਧੀਰ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀਆਂ ਅਕਾਦਮਿਕ ਸਾਲ 2022-23 ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਇਸ ਦੌਰਾਨ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਸਿਰਫ ਇਕ ਵਿੱਦਿਅਕ ਅਦਾਰਾ ਹੀ ਨਹੀਂ ਹੈ ਸਗੋਂ ਇਹ ਨਿਆਰੀ ਸੰਸਥਾ ਨਵੀਨਤਾ, ਲਗਨ ਅਤੇ ਗਿਆਨ ਦੀ ਖੋਜ ਦਾ ਪ੍ਰਤੀਕ ਵੀ ਹੈ। ਇਸ ਸਮਾਗਮ ਵਿੱਚ 840 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਜਿਨ੍ਹਾਂ ਵਿੱਚੋਂ 552 ਵਿਦਿਆਰਥੀਆਂ ਨੇ ਅੰਡਰ-ਗ੍ਰੈਜੂਏਟ, 277 ਵਿਦਿਆਰਥੀਆਂ ਨੇ ਪੋਸਟ-ਗ੍ਰੈਜੂਏਟ ਅਤੇ 11 ਵਿਦਿਆਰਥੀਆਂ ਨੇ ਪੀਐੱਚਡੀ ਦੀਆਂ ਡਿਗਰੀਆਂ ਹਾਸਲ ਕੀਤੀਆਂ।