ਕਿਸਾਨੀ ਅੰਦੋਲਨ-2 ਦੇ ਮੱਦੇਨਜ਼ਰ ਪਿਛਲੇ ਮਹੀਨੇ ਮੁਅੱਤਲ ਕੀਤੀ ਗਈ ਸੀ ‘ਪੰਜਾਬ ਬਚਾਓ ਯਾਤਰਾ’
ਗਿੱਦੜਬਾਹਾ: ਆਪਣਾ ਪੰਜਾਬ ਮੀਡੀਆ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਇੱਕ ਵਾਰ ਮੁੜ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰ ਦਿੱਤੀ ਹੈ। ਸੂਬੇ ਵਿੱਚ ਸੁਖਦੇਵ ਸਿੰਘ ਢੀਡਸਾ ਦੀ ਪਾਰਟੀ ਦੇ ਅਕਾਲੀ ਦਲ ਵਿੱਚ ਮੁੜ ਰਲੇਵੇਂ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੀਆਂ ਸਮੂਹ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ-ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ‘ਯਾਤਰਾ’ ਪਿਛਲੇ ਮਹੀਨੇ ਕੇਂਦਰ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਮੁਅੱਤਲ ਕਰ ਦਿੱਤੀ ਸੀ। ਬੀਤੇ ਦਿਨੀ ਕੱਲ੍ਹ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ।
ਸੁਖਬੀਰ ਬਾਦਲ ਵੱਲੋਂ ਵੋਟਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਖੇਤਰੀ ਪਾਰਟੀ ਵਿੱਚ ਵਿਸ਼ਵਾਸ ਜਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਦੇ ਹੁੰਗਾਰੇ ਨੂੰ ਦੇਖਦਿਆਂ ਸੁਖਬੀਰ ਨੇ ਕਿਹਾ, “ਲੋਕਾਂ ਦੇ ਮੂਡ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਵੋਟਰਾਂ ਨੇ ਭ੍ਰਿਸ਼ਟ, ਸਿੱਖ-ਵਿਰੋਧੀ ਅਤੇ ਪੰਜਾਬ ਵਿਰੋਧੀ ‘ਆਪ’ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਵਿਸ਼ਵਾਸ ਜਤਾਉਣ ਦਾ ਫੈਸਲਾ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਵੇਂ ਵਿਵਹਾਰ ਕੀਤਾ। ਉਸ ਨੇ ‘ਬਦਲਾਵ’ ਦੇ ਨਾਂ ‘ਤੇ ਸਾਰਿਆਂ ਨੂੰ ਮੂਰਖ ਬਣਾਇਆ ਹੈ। ਇਸਨੂੰ ਦੁਬਾਰਾ ਨਾ ਹੋਣ ਦਿਓ। ‘ਆਪ’ ਨੇ ਔਰਤਾਂ ਨਾਲ ਧੋਖਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਪਿਛਲੇ ਦੋ ਸਾਲਾਂ ਤੋਂ 1000 ਰੁਪਏ ਪ੍ਰਤੀ ਮਹੀਨਾ ਭੱਤਾ ਨਹੀਂ ਮਿਲਿਆ ਹੈ।
ਇਥੇ ਦੱਸ ਦਈਏ ਕਿ ‘ਆਪ’ ਪਾਰਟੀ ਵੱਲੋਂ ਬੀਤੇ ਦਿਨੀ ਮੋਹਾਲੀ ਵਿਚ ਕੀਤੀ ਸਿਆਸੀ ਕਾਨਫਰੰਸ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਾਰ 13-0 ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਪੂਰੇ ਦੇਸ਼ ਵਿੱਚੋਂ ਹੀਰੋ ਬਣੇਗਾ।