ਸੁਲਤਾਨਪੁਰ ਲੋਧੀ: ਆਪਣਾ ਪੰਜਾਬ ਮੀਡੀਆ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਾਤਾ ਦਮੋਦਰੀ ਜੀ ਦੇ ਵਿਆਹ ਪੁਰਬ ਸਮਾਗਮ ਤੇ ਨਗਰ ਕੀਰਤਨਾਂ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੰਗੀ ਪੱਧਰ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜ਼ੋਰਾਂ ’ਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਜਿੱਥੇ ਵੰਨ-ਸੁਵੰਨੇ ਫੁੱਲਾਂ ਨਾਲ ਸ਼ਿੰਗਾਰ ਕੇ ਬਹੁਤ ਹੀ ਖ਼ੂਬਸੂਰਤ ਮਨਮੋਹਕ ਸਜਾਵਟ ਕੀਤੀ ਜਾ ਰਹੀ ਹੈ, ਉੱਥੇ ਸ਼ਰਧਾਲੂਆਂ ਵਲੋਂ ਨਗਰ ਕੀਰਤਨ ਦੌਰਾਨ ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸਵਾਗਤ ਕਰਨ ਤੇ ਗੁਰੂ ਕੇ ਲੰਗਰ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਤੇ ਬਾਹਰ ਕੀਤੀ ਸਜਾਵਟ ਨਾਲ ਸਤਿਗੁਰੂ ਜੀ ਦਾ ਪਾਵਨ ਅਸਥਾਨ ਫੁੱਲਾਂ ਨਾਲ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਅਤੇ ਵੱਡੀ ਤਦਾਦ ’ਚ ਸ਼ਰਧਾਲੂ ਦੂਰ ਦੁਰਾਡੇ ਤੋਂ ਬੇਰ ਸਾਹਿਬ ਅਸਥਾਨ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਨੇ ਵਿਆਹ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਦਸਿਆ ਕਿ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦਸਿਆ ਕਿ ਗੁਰਦੁਆਰਾ ਬੇਰ ਸਾਹਿਬ ਦੇ ਅੰਦਰ ਦਰਬਾਰ ਹਾਲ ਵਿਚ ਵੱਖ ਵੱਖ ਪ੍ਰਕਾਰ ਦੇ ਰੰਗ ਬਿਰੰਗੇ ਫੁੱਲਾਂ ਦੀਆਂ ਲੜੀਆਂ ਬਣਾ ਕੇ ਸਜਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਦੀ ਯਾਦ ਵਿਚ 6 ਸਤੰਬਰ ਨੂੰ ਸਵੇਰੇ 9 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ, ਜੋ ਕਿ ਚੌਕ ਚੇਲਿਆਂ ਵਾਲਾ, ਲੋਹੀਆਂ ਖਾਸ ਰੋਡ ਤੋਂ ਪਿੰਡ ਫੱਤੂਵਾਲ ਤੋਂ ਹੁੰਦਾ ਹੋਇਆ ਗੁਰਦੁਆਰਾ ਮਾਤਾ ਦਮੋਦਰੀ ਜੀ ਡੱਲਾ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ। ਉਨ੍ਹਾਂ ਦਸਿਆ ਕਿ 9 ਸਤੰਬਰ ਨੂੰ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਵੇਰੇ 5 ਵਜੇ ਬਟਾਲਾ ਲਈ ਰਵਾਨਾ ਹੋਵੇਗਾ ਅਤੇ ਗੁਰਦੁਆਰਾ ਸ੍ਰੀ ਸਤਿਕਾਰਤਾਰੀਆ ਸਾਹਿਬ ਬਟਾਲਾ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ, ਮੀਤ ਮੈਨੇਜਰ ਭਾਈ ਚੈਚਲ ਸਿੰਘ ਆਹਲੀ, ਜਥੇਦਾਰ ਸਤਨਾਮ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ, ਮਨਦੀਪ ਸਿੰਘ ਖਿੰਡਾ, ਕੰਵਲਨੈਨ ਸਿੰਘ ਕੇਨੀ ਆਦਿ ਵੀ ਹਾਜ਼ਰ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖ਼ੁਸ਼ੀ ’ਚ ਇਤਿਹਾਸਕ ਗੁਰਦਵਾਰਾ ਬੇਰ ਸਾਹਿਬ ਵਿਖੇ ਫੁੱਲਾਂ ਨਾਲ ਕੀਤੀ ਸ਼ਾਨਦਾਰ ਸਜਾਵਟ
Leave a comment