ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ’ਚ ਵੱਖ-ਵੱਖ ਥਾਈਂ ਸੈਲਫੀ ਲੈਂਦੇ ਸਮੇਂ ਪਹਾੜ ਤੋਂ ਡਿੱਗਣ ਅਤੇ ਪਾਰਵਤੀ ਨਦੀ ’ਚ ਰੁੜ੍ਹਨ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ। ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਨੇ ਦੱਸਿਆ ਕਿ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਦੀ ਵਸਨੀਕ ਸੋਨਲ ਪਾਇਲ (37) ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ’ਚ ਇੱਕ ਪਹਾੜੀ ’ਤੇ ਸੈਲਫੀ ਲੈਣ ਮੌਕੇ ਤਿਲਕ ਕੇ 100 ਮੀਟਰ ਡੂੰਘੀ ਖੱਡ ’ਚ ਡਿੱਗ ਪਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪਾਇਲ ਇਕ ਹਸਪਤਾਲ ’ਚ ਚੀਫ ਫਾਰਮਾਸਿਸਟ ਸੀ। ਘਟਨਾ ਵਾਪਰਨ ਮੌਕੇ ਪਾਇਲ ਦਾ ਪਤੀ ਵੀ ਉਸ ਦੇ ਨਾਲ ਸੀ ਜੋ ਪਹਾੜੀ ਤੋਂ ਉੱਤਰਦੇ ਸਮੇਂ ਸੰਘਣੀਆਂ ਝਾੜੀਆਂ ’ਚ ਗੁਆਚ ਗਿਆ। ਸੂਬਾ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐੱਫ) ਵੱਲੋਂ ਬਚਾਅ ਅਪਰੇਸ਼ਨ ਅਗਵਾਈ ਕਰ ਰਹੇ ਏਐੱਸਆਈ ਮਹੀਪਾਲ ਸਿੰਘ ਨੇ ਦੱਸਿਆ ਕਿ ਪਾਇਲ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਉਸ ਦੇ ਪਤੀ ਨੂੰ ਬਚਾਅ ਲਿਆ ਗਿਆ ਹੈ। ਇਸ ਦੌਰਾਨ ਪੁਲੀਸ ਨੇ ਦੱਸਿਆ ਕਿ ਹਰਿਆਣਾ ਦੇ ਝੱਜਰ ਦੀ ਵਸਨੀਕ ਕਵਿਤਾ ਬੁੱਧਵਾਰ ਸ਼ਾਮ ਨੂੰ ਸੈਲਫੀ ਲੈਂਦੇ ਸਮੇਂ ਤਿਲਕਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਪਾਰਵਤੀ ਨਦੀ ’ਚ ਰੁੜ੍ਹ ਗਈ ਸੀ। ਕਵਿਤਾ ਦੀ ਲਾਸ਼ ਅੱਜ ਘਟਨਾ ਸਥਾਨ ਤੋਂ ਚਾਰ ਕਿਲੋਮੀਟਰ ਦੂਰ ਸੁਮਾ ਰੋਪਾ ਤੋਂ ਬਰਾਮਦ ਕੀਤੀ ਗਈ ਹੈ।