ਇਸ ਗਿਆਨ ਦਾ ਸੋਮਾ ਪੁਸਤਕ ਨੂੰ ਅਸੀਂ ਆਪਣੀ ਲਾਈਬਰੇਰੀ ਵਿੱਚ ਵਿਸ਼ੇਸ਼ ਸਥਾਨ ਦੇਵਾਂਗੇ- ਕੈਰਲ ਲੂਈ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰੇਮੈਂਟੋ ਦੇ ਡਾਇਰੈਕਟਰ ਗੁਰਜਤਿੰਦਰਪਾਲ ਸਿੰਘ ਰੰਧਾਵਾ ਨੇ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਲੂਥਰਨ ਚਰਚ ਵਿਖੇ ਬੋਰਡ ਮੈਂਬਰਾਂ ਦੀ ਹਾਜ਼ਰੀ ਵਿੱਚ ਕੈਰਲ ਲੋਈ ਪ੍ਰਧਾਨ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਮੈਂਟੋ ਨੂੰ ਭੇਂਟ ਕੀਤੀ।
ਇੰਟਰਫੇਥ ਕੌਂਸਲ ਦੀ ਹੋਈ ਮੀਟਿੰਗ ਵਿੱਚ ਸ. ਰੰਧਾਵਾ ਅਤੇ ਬਾਵਾ ਨੇ “ਇਲਾਹੀ ਗਿਆਨ ਦਾ ਸਾਗਰ” ਪੁਸਤਕ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੇ ਜੀਵਨ ਅਤੇ ਗੁਰਬਾਣੀ ਦੇ ਸ਼ਬਦਾਂ ਬਾਰੇ ਗਿਆਨ ਦਿੰਦੀ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਵਿੱਚ ਸਮਾਜਿਕ ਬਰਾਬਰਤਾ, ਕਿਰਤ ਕਰਨਾ, ਵੰਡ ਛਕਣਾ ਅਤੇ ਪਰਮਾਤਮਾ ਦਾ ਨਾਮ ਜਪਦੇ ਹੋਏ ਸ਼ੁਭ ਕਰਮ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਰਾਸਤਾ ਦਿਖਾਇਆ ਗਿਆ ਹੈ।
ਬਾਵਾ ਨੇ ਬੋਲਦੇ ਹੋਏ ਕਿਹਾ ਕਿ 11 ਸਤੰਬਰ 1893 ਜੋ ਸਰਭ ਧਰਮ ਸੰਮੇਲਨ ਸ਼ਿਕਾਗੋ ਵਿਖੇ ਹੋਇਆ ਸੀ ਜਿਸ ਵਿੱਚ ਸੁਆਮੀ ਵਿਵੇਕਾਨੰਦ ਨੇ ਹਿੰਦੂ ਧਰਮ ਅਤੇ ਭਾਰਤੀ ਸੰਸਕ੍ਰਿਤੀ ਬਾਰੇ ਵਿਸ਼ਵ ਨੂੰ ਭਾਰਤ ਦੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਦਿੱਤੀ ਸੀ ਜੋ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਉਹਨਾਂ ਨੇ ਆਪਣਾ ਸੰਬੋਧਨ ਅਮਰੀਕਾ ਨਿਵਾਸੀਆਂ ਨੂੰ ਭੈਣੋ ਅਤੇ ਭਰਾਵੋ ਕਹਿ ਕੇ ਕੀਤਾ ਸੀ ਜਿਸ ਨੂੰ ਅਮਰੀਕਾ ਨਿਵਾਸੀਆਂ ਨੇ ਸਲਾਹਿਆ ਸੀ ਅਤੇ ਸੁਆਮੀ ਵਿਵੇਕਾਨੰਦ ਜੀ ਦਾ ਭਾਸ਼ਣ ਦੋ ਦਿਨ ਤੱਕ ਚੱਲਿਆ ਸੀ।
ਇਸ ਸਮੇਂ ਕੈਰਲ ਲੋਈ ਨੇ ਸਿੱਖ ਧਰਮ ਨਾਲ ਸੰਬੰਧਿਤ ਪੁਸਤਕ ਭੇਂਟ ਕਰਨ ਲਈ ਬੋਰਡ ਦੇ ਡਾਇਰੈਕਟਰ ਗੁਰਜਤਿੰਦਰਪਾਲ ਸਿੰਘ ਰੰਧਾਵਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦਾ ਅਨਮੋਲ ਪੁਸਤਕ ਭੇਂਟ ਕਰਨ ਲਈ ਧੰਨਵਾਦ ਕੀਤਾ ਅਤੇ ਸਿੱਖਾਂ ਵੱਲੋਂ ਵਿਸ਼ਵ ਵਿੱਚ ਮਨੁੱਖਤਾ ਦੀ ਸੇਵਾ ਦੀ ਸ਼ਲਾਘਾ ਕੀਤੀ।
ਅਖੀਰ ਵਿੱਚ ਬਾਵਾ ਨੇ ਕੈਰਲ ਲੋਈ ਅਤੇ ਬੋਰਡ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਬਾਵਾ ਨੇ ਸੈਕਰਾਮੈਂਟੋ ਵਿਖੇ ਜੋ ਕੈਲੀਫੋਰਨੀਆ ਦੀ ਰਾਜਧਾਨੀ ਹੈ ਉੱਥੇ ਕੈਪੀਟਲ ਬਿਲਡਿੰਗ ਅਤੇ ਅਸੈਂਬਲੀ ਹਾਲ ਦੇਖਿਆ ਜਿਸ ਦੀ ਬਣਤਰ ਅਤੇ ਲੱਕੜੀ ਦਾ ਕੰਮ ਜੋ 200 ਸਾਲ ਪਹਿਲਾਂ ਹੋਇਆ ਸੀ। ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਲੱਕੜ ਦੇ ਕੰਮ ਦੀ ਸਜਾਵਟ ਬਨਾਵਟ ਦੋ ਘੰਟੇ ਪਹਿਲਾਂ ਹੀ ਸੰਪੂਰਨ ਹੋਈ ਹੈ। ਬਾਵਾ ਨੇ ਉਹਨਾਂ ਦੀ ਸੱਚਾਈ, ਸਪਸ਼ਟਤਾ, ਪਾਰਦਰਸ਼ਤਾ, ਹਲੀਮੀ, ਮੁਸਕਰਾਹਟ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਅਮਰੀਕਾ ਦੇ ਸਿਆਸੀ ਸਿਸਟਮ ਨੂੰ ਵੀ ਸਰਾਹਿਆ।