ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ 1993 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਅਨੁਰਾਗ ਵਰਮਾ ਸੂਬੇ ਦੇ ਨਵੇਂ ਮੁੱਖ ਸਕੱਤਰ ਹੋਣਗੇ। ਉਹ ਪਹਿਲੀ ਜੁਲਾਈ, 2023 ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਣਗੇ। ਸ੍ਰੀ ਵਰਮਾ ਮੌਜੂਦਾ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਥਾਂ ਲੈਣਗੇ ਜੋ 30 ਜੂਨ 2023 ਨੂੰ ਸੇਵਾ ਮੁਕਤ ਹੋ ਰਹੇ ਹਨ। ਸ੍ਰੀ ਅਨੁਰਾਗ ਵਰਮਾ ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ ਗ੍ਰਹਿ, ਉਦਯੋਗ ਤੇ ਕਾਮਰਸ, ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤਕਨਾਲੋਜੀ ਅਤੇ ਨਿਵੇਸ਼ ਪ੍ਰੋਤਸਾਹਨ ਹਨ। ਨਵੇਂ ਆਦੇਸ਼ਾਂ ਮੁਤਾਬਕ ਸ੍ਰੀ ਵਰਮਾ ਕੋਲ ਮੁੱਖ ਸਕੱਤਰ ਤੋਂ ਇਲਾਵਾ ਪ੍ਰਮੁੱਖ ਸਕੱਤਰ ਪ੍ਰਸੋਨਲ ਤੇ ਵਿਜੀਲੈਂਸ ਦਾ ਵਾਧੂ ਚਾਰਜ ਰਹੇਗਾ।
ਪਟਿਆਲਾ ਵਿਖੇ ਅਧਿਆਪਕ ਪਰਿਵਾਰ ਵਿੱਚ ਜਨਮੇ ਸ੍ਰੀ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਜ਼ਿਲੇ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਸ੍ਰੀ ਵਰਮਾ 1993 ਵਿੱਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ.ਏ.ਐਸ.) ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਸੱਤਵੇਂ ਸਥਾਨ ਉਤੇ ਆਏ ਸਨ।