ਮੂਨਕ : ਦਲਜੀਤ ਕੌਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ, ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਵਿੱਚ 11 ਤੋਂ 14 ਅਗਸਤ ਤੱਕ ਸਰਕਾਰ ਦੇ ਪਾਇਲਟ ਪ੍ਰੋਜੈਕਟ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਲੋਕਾਂ ਨੂੰ ਪਿੰਡ ਦੀਆਂ ਜਨਤਕ ਥਾਵਾਂ ‘ਤੇ ਸਿਹਤ ਬੀਮਾ ਯੋਜਨਾ ਨਾਲ ਸਬੰਧਤ ਫਿਲਮਾ ਦਿਖਾ ਕੇ ਜਾਗਰੂਕ ਕਰਨ ਤੋਂ ਇਲਾਵਾ ਸਾਰੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਅਧੀਨ ਕਵਰ ਕਰਨ ਲਈ ਸੂਚਨਾ, ਸਿੱਖਿਆ ਤੇ ਸੰਚਾਰ (ਆਈ.ਈ.ਸੀ.) ਵੈਨ ਨੇ ਸਿਹਤ ਬਲਾਕ ਮੂਨਕ ਦਾ ਦੌਰਾ ਕੀਤਾ ਅਤੇ ਇਸ ਦੇ ਨਾਲ ਹੀ ਮੌਕੇ ‘ਤੇ ਈ-ਕਾਰਡ ਬਣਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ-ਕਮ-ਸਿਹਤ ਵਿਭਾਗ ਦੇ ਮਾਸ ਮੀਡੀਆ ਬ੍ਰਾਂਚ ਸਿਹਤ ਬਲਾਕ ਮੂਨਕ ਦੇ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਇਹ ਸਕੀਮ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਹੈ। ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਪਿੰਡ ਪੱਧਰ ‘ਤੇ ਲੋਕਾਂ ਤੱਕ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਹਰੇਕ ਯੋਗ ਵਿਅਕਤੀ ਇਸ ਸਕੀਮ ਦਾ ਲਾਭ ਲੈ ਸਕੇ ਅਤੇ ਇਸ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਸਰਕਾਰ ਦਾ ਟੀਚਾ ਸੌ ਫੀਸਦੀ ਯੋਗ ਆਬਾਦੀ ਨੂੰ ਕਵਰ ਕਰਨਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਇਸ ਸਕੀਮ ਅਧੀਨ 44 ਲੱਖ ਪਰਿਵਾਰ ਆਉਂਦੇ ਹਨ ਅਤੇ ਸੂਬੇ ਦੇ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ ਜਿਨ੍ਹਾਂ ਵਿੱਚ ਇਸ ਸਕੀਮ ਦੀ ਕਵਰੇਜ ਅਧੀਨ ਇਲਾਜ ਲਈ 1579 ਇਲਾਜ ਸੰਗ੍ਰਹਿ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਸਕੀਮ ਦੇ ਲਾਭਪਾਤਰੀ ਕਿਤੇ ਵੀ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਸਹੂਲਤਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸਮਾਰਟ ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੱਤਰਕਾਰ ਅਤੇ ਸਮਾਜਿਕ-ਆਰਥਿਕ ਜਾਤੀ ਜਨਗਣਨਾ (ਐਸ.ਈ.ਸੀ.ਸੀ.) 2011 ਅਧੀਨ ਸੂਚੀਬੱਧ ਪਰਿਵਾਰ ਇਸ ਸਕੀਮ ਤਹਿਤ ਕਵਰ ਹਨ।
ਜਾਗਰੂਕਤਾ ਵੈਨ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਜਨ ਸੰਪਰਕ-ਜਾਗਰੂਕਤਾ ਪ੍ਰੋਗਰਾਮ ਅਧੀਨ ਸਿਹਤ ਬਲਾਕ ਮੂਨਕ ਦੇ ਪਿੰਡਾਂ ਨੂੰ ਪੜਾਅ ਵਾਰ ਕਵਰ ਕੀਤਾ ਗਿਆ ਅਤੇ ਇਸ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਸਕੀਮ ਅਧੀਨ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਲਈ ਲਾਮਬੰਦ ਕੀਤਾ ਗਿਆ।
ਸੂਚਨਾ, ਸਿੱਖਿਆ ਤੇ ਸੰਚਾਰ ਵੈਨ ਦਾ ਯੋਗ ਲਾਭਪਾਤਰੀਆਂ ਮੌਕੇ ‘ਤੇ ਈ-ਕਾਰਡ ਬਨਵਾਉਣ ਦਾ ਲਿਆ ਲਾਭ

Leave a comment
Leave a comment