ਲੋਕਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੋਈ ਹੋਰ ਵੀ ਮਜ਼ਬੂਤ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਕਾਰਣ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਛੇ ਸਾਲ ਬਾਅਦ ਘਰ ਵਾਪਸੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ‘ਚ ਰਲੇਂਵਾ ਹੋ ਗਿਆ ਹੈ।ਇਸ ਮੌਕੇ ਸੁਖਦੇਵ ਢੀਂਡਸਾ ਨੇ ਕਿਹਾ ਹੈ ਕਿ ਲੋਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਅਤੇ ਸਾਡੇ ਇਸ ਫੈਸਲੇ ਨਾਲ ਪੰਥ ਤਕੜਾ ਹੋਵੇਗਾ।
ਸੁਖਦੇਵ ਢੀਂਡਸਾ ਨੇ ਕਿਹਾ ਸੀ ਕਿ ਪਾਰਟੀ ਅਤੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਪਾਰਟੀ ਅਤੇ ਪੰਥ ਦੀ ਰਖਵਾਲੀ ਕਰੀਏ। ਅੱਜ ਜੋ ਪੰਜਾਬ ਦਾ ਹਾਲ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ, ਜਿਹੜੇ ਵੀ ਵਖਰੇਵੇਂ ਹਨ ਉਨ੍ਹਾਂ ਨੂੰ ਬੈਠ ਕੇ ਨਬੇੜ ਲਿਆ ਜਾਵੇਗਾ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਹਾਨੂੰ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਮਾਂ ਹੁਣ ਇਹ ਗੱਲਾਂ ਕਰਨ ਦਾ ਨਹੀਂ ਹੈ, ਪੰਥ ਦੇ ਵੱਡੇ ਮਸਲੇ ਹੱਲ ਕਰਨ ਦਾ ਹੈ।
ਦੱਸ ਦਈਏ ਕਿ ਇਸ ਰਲੇਵੇਂ ਸਬੰਧੀ ਕਾਫੀ ਦਿਨਾਂ ਤੋਂ ਪਾਰਟੀ ਪ੍ਰਧਾਨ ਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਜਿਸ ਵਿੱਚ ਦੋਵਾਂ ਨੇ ਸਮਝੌਤੇ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਆਪਣੇ ਪਾਰਟੀ ਦੇ ਲੀਡਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਰਾਏ ਲਈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਫੈਸਲੇ ‘ਤੇ ਮੋਹਰ ਲਾਈ।
ਜ਼ਿਕਰਯੋਗ ਹੈ ਕਿ ਢੀਂਡਸਾ ਨੇ 6 ਸਾਲ ਪਹਿਲਾਂ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਅਤੇ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਈ ਸੀ।