ਪਠਾਨਕੋਟ : ਆਪਣਾ ਪੰਜਾਬ ਮੀਡੀਆ : ਡੀਸੀ ਦਫ਼ਤਰ ਮੂਹਰੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀਪੀਆਈਐਮਐਲ ਲਿਬਰੇਸ਼ਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ। ਅੰਤ ਵਿੱਚ ਡੀਸੀ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕੁਲਦੀਪ ਰਾਜੂ, ਸੁਖਵੰਤ ਹਜ਼ਾਰਾ, ਜੋਤੀ ਪਠਾਨਕੋਟ, ਸਨੀ ਨਵਾਂਪਿੰਡ, ਸੁਨੀਤਾ ਸੁਜਾਨਪੁਰ, ਰਾਖੀ ਨਵਾਂਪਿੰਡ, ਨੱਥੂ ਰਾਮ ਪੰਡੋਰੀ ਅਤੇ ਪ੍ਰੇਮ ਲਾਲ ਖੋਜੇਪੁਰ ਹਾਜ਼ਰ ਸਨ। ਇਸ ਸਮੇਂ ਮੋਰਚੇ ਦੇ ਸੂਬਾ ਸਹਾਇਕ ਸਕੱਤਰ ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਮਾਨ ਸਰਕਾਰ ਦੇ ਰਾਜ ਵਿੱਚ ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਦੀ ਹਾਲਤ ਬਦਤਰ ਹੋ ਰਹੀ ਹੈ।
ਉਨ੍ਹਾਂ ਦੋਸ਼ ਲਾਏ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਗ਼ਰੀਬ ਪਰਿਵਾਰਾਂ ਸਿਰ ਚੜ੍ਹਿਆ ਕਰਜ਼ਾ ਆਪਣੇ ਜ਼ਿੰਮੇ ਲਵੇ, ਕੰਪਨੀਆਂ ਵੱਲੋਂ ਕਰਜ਼ਾਧਾਰਕਾਂ ਤੋਂ ਲਏ ਗਏ ਕੋਰੇ ਚੈੱਕਾਂ ਅਤੇ ਅਸ਼ਟਾਮਾਂ ਬਾਬਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਬਰੀ ਕਿਸ਼ਤਾਂ ਦੀ ਉਗਰਾਹੀ ਬੰਦ ਕੀਤੀ ਜਾਵੇ ਅਤੇ ਪੱਕਾ ਰੋਜ਼ਗਾਰ ਨਾ ਦੇਣ ਦੀ ਹਾਲਤ ਵਿੱਚ ਮਜ਼ਦੂਰ ਕਿਸਾਨ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇ।
ਸੀਪੀਆਈਐਮਐਲ ਲਿਬਰੇਸ਼ਨ ਨੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ ‘ਚ ਕੱਢੀ ਰੋਸ ਰੈਲੀ

Leave a comment