ਚੰਡੀਗੜ੍ਹ : ਦਲਜੀਤ ਕੌਰ : “ਫਾਸ਼ੀ ਹਮਲਿਆਂ ਵਿਰੋਧੀ ਫਰੰਟ’’ ਵਿੱਚ ਸ਼ਾਮਲ ਪਾਰਟੀਆਂ ਅਤੇ ਮੰਚਾਂ ਦੇ ਆਗੂਆਂ ਨੇ ਸੰਘ ਪਰਿਵਾਰ ਨਾਲ ਸਬੰਧਤ ਕੱਟੜਵਾਦੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਵੱਲੋਂ ਪੈਦਾ ਕੀਤੀਆਂ ਭੜਕਾਹਟਾਂ ਦੇ ਨਤੀਜੇ ਵਜੋਂ ਹਰਿਆਣਾ ਅੰਦਰ ਫੈਲੀ ਫਿਰਕੂ ਹਿੰਸਾ ਦੇ ਦੋਸ਼ੀਆਂ ਦੀਆਂ ਅੱਗ ਲਵਾਊ ਹਿੰਸਕ ਕਾਰਵਾਈਆਂ ਨੂੰ ਸਖਤੀ ਨਾਲ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ। ਆਗੂਆਂ ਨੇ ਉੱਤਰ ਪੂਰਬੀ ਸੂਬੇ ਮਨੀਪੁਰ ਅੰਦਰ 3 ਮਈ ਤੋਂ ਜਾਰੀ ਕਤਲੋ ਗਾਰਤ, ਇਸਤਰੀਆਂ ਦੀ ਬੇਹੁਰਮਤੀ ਦੀਆਂ ਨਮੋਸ਼ੀ ਜਨਕ ਵਾਰਦਾਤਾਂ ਅਤੇ ਵਿਆਪਕ ਸਾੜ-ਫੂਕ ਤੇ ਹਜੂਮੀ ਹਿੰਸਾ ‘ਤੇ ਵੀ ਸਖਤੀ ਨਾਲ ਰੋਕ ਲਾਏ ਜਾਣ ਦੀ ਮੰਗ ਕੀਤੀ ਹੈ।
ਆਗੂਆਂ ਨੇ ਉਕਤ ਮਾਮਲਿਆਂ ’ਚ ਪ੍ਰਧਾਨ ਮੰਤਰੀ ਦੀ ਸ਼ਰਮਨਾਕ ਤੇ ਮੁਜ਼ਰਮਾਨਾ ਚੁੱਪੀ ਅਤੇ ਧਾਰਮਿਕ ਤੇ ਨਸਲੀ ਘੱਟ ਗਿਣਤੀਆਂ ਦੀਆਂ ਜ਼ਿੰਦਗੀਆਂ, ਜਾਇਦਾਦਾਂ ਤੇ ਧਾਰਮਿਕ ਸਥਾਨਾਂ ‘ਤੇ ਕੇਂਦਰ ਦੇ ਪ੍ਰਸ਼ਾਸਨਿਕ ਢਾਂਚੇ ਅਤੇ ਸੂਬਾਈ ਭਾਜਪਾ ਸਰਕਾਰਾਂ ਦੀ ਗੁੱਝੀ ਸਹਿਮਤੀ ਨਾਲ ਕੀਤੇ ਜਾ ਰਹੇ ਹਮਲਿਆਂ ਦਾ ਵੀ ਗੰਭੀਰ ਨੋਟਿਸ ਲਿਆ ਹੈ। ਰੇਲ ਗੱਡੀ ’ਚ ਇਕ ਪੁਲਸ ਮੁਲਾਜ਼ਮ ਵਲੋਂ ਕੀਤਾ ਗਿਆ ਤਿੰਨ ਬੇਗੁਨਾਹ ਮੁਸਲਮਾਨਾਂ ਦਾ ਕਤਲ ਦੇਸ਼ ਅੰਦਰਲੀ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ।
ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਬਰਾੜ, ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀਪੀਆਈ (ਐਐਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਆਗੂ ਸਾਥੀ ਅਜਮੇਰ ਸਿੰਘ ਸਮਰਾ, ਸੀਪੀਆਈ (ਐਮਐੱਲ) ਲਿਬ੍ਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰ, ਐਮਸੀਪੀਆਈ-ਯੂ ਦੀ ਪੋਲਿਟ ਬਿਊਰੋ ਦੇ ਮੈਂਬਰ ਸਾਥੀ ਕਿਰਨਜੀਤ ਸਿੰਘ ਸੇਖੋਂ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਸਾਥੀ ਕਮਲਜੀਤ ਖੰਨਾ ਤੇ ਪੰਜਾਬ ਜਮਹੂਰੀ ਮੋਰਚਾ ਦੇ ਆਗੂ ਸਾਥੀ ਜੁਗਰਾਜ ਸਿੰਘ ਟੱਲੇਵਾਲ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਆਰਐਮਪੀਆਈ ਦੇ ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਹਰਿਆਣਾ ਦੇ ਉਕਤ ਘਟਨਾਕ੍ਰਮ ਤੋਂ ਦੇਸ਼ ਹਿਤੂ ਚਿੰਤਕਾਂ ਦੇ ਇਹ ਖਦਸ਼ੇ ਫਿਰ ਉੱਭਰ ਕੇ ਸਾਹਮਣੇ ਆਏ ਹਨ ਕਿ ਸੰਘ-ਭਾਜਪਾ ਦੇ ਮਨਸੂਬੇ ਸਮੁੱਚੇ ਦੇਸ਼ ਅੰਦਰ ਮਨੀਪੁਰ ਵਰਗੇ ਹਾਲਾਤ ਪੈਦਾ ਕਰਕੇ ਸਿਆਸੀ ਲਾਹਾ ਖੱਟਣ ਵੱਲ ਸੇਧਤ ਹਨ।
ਬਿਆਨ ਜਾਰੀ ਕਰਨ ਵਾਲੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਅਤੇ ਹਿੰਦੂਤਵੀ ਸੰਗਠਨਾਂ ਦੇ ਆਗੂਆਂ ਦੇ ਗੈਰ ਜਿੰਮੇਵਾਰਾਨਾ ਤੇ ਫਿਰਕੂ ਵੰਡ ਹੋਰ ਤਿੱਖੀ ਕਰਨ ਵਾਲੇ ਭੜਕਾਊ ਬਿਆਨਾਂ ਅਤੇ ਅਰਾਜਕਤਾਵਾਦੀ ਕਾਰਵਾਈਆਂ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਹੈ। ਆਗੂਆਂ ਨੇ ਡੂੰਘੀ ਚਿੰਤਾ ਜਹਿਰ ਕਰਦਿਆਂ ਕਿਹਾ ਹੈ ਕਿ ਨੂਹ (ਮੇਵਾਤ) ਤੋਂ ਭੜਕੀ ਇਹ ਕੁਲਹਿਣੀ ਹਿੰਸਾ ਗੁਰੂਗ੍ਰਾਮ ਤੋਂ ਹੁੰਦੀ ਹੋਈ ਦਿੱਲੀ ਦੇ ਕਈ ਹਿੱਸਿਆਂ ਤੱਕ ਫੈਲ ਗਈ ਹੈ ਅਤੇ ਜੇ ਇਸ ’ਤੇ ਗੰਭੀਰਤਾ ਤੇ ਇਮਾਨਦਾਰੀ ਨਾਲ ਕਾਬੂ ਨਾ ਪਾਇਆ ਗਿਆ ਤਾਂ ਇਸ ਅੱਗ ਦੇ ਨਾ ਕੇਵਲ ਸਮੁੱਚੇ ਹਰਿਆਣਾ ਬਲਕਿ ਉੱਤਰੀ ਭਾਰਤ ਦੇ ਅਨੇਕਾਂ ਖਿੱਤਿਆਂ ਤੀਕ ਫੈਲ ਜਾਣ ਦਾ ਖਦਸ਼ਾ ਹੈ।
ਆਗੂਆਂ ਨੇ ਕਿਹਾ ਹੈ ਕਿ ਅਖ਼ਬਾਰੀ ਖਬਰਾਂ ਅਤੇ ਅੱਖੀਂ ਦੇਖਣ ਵਾਲਿਆਂ ਦੇ ਬਿਆਨਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਹਰਿਆਣਾ ‘ਚ ਭੜਕੀ ਹਾਲੀਆ ਹਿੰਸਾ ਲਈ ਸੰਘ ਪਰਿਵਾਰ ਦੇ ਖਰੂਦੀ ਟੋਲੇ ਅਤੇ ਸੂਬੇ ਦੀ ਭਾਜਪਾ ਸਰਕਾਰ ਦਾ ਸਾਜ਼ਿਸ਼ੀ ਤੇ ਪੱਖਪਾਤੀ ਰਵੱਈਆ ਜ਼ਿੰਮੇਵਾਰ ਹੈ, ਕਿਉਂਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਜਿਹੇ ਸੰਗਠਨਾਂ ਨੇ ਇੱਕ ਧਾਰਮਿਕ ਯਾਤਰਾ ਦੀ ਤਿਆਰੀ ਦੇ ਨਾਂ ‘ਤੇ ਬਹੁਤ ਹੀ ਨਫ਼ਰਤ ਭਰਪੂਰ ਪ੍ਰਚਾਰ ਮੁਹਿੰਮ ਵਿੱਢੀ ਸੀ, ਜਿਸ ਨੂੰ ਸੂਬੇ ਦੀ ਖੱਟਰ ਸਰਕਾਰ ਸਭ ਕੁੱਝ ਦੇਖਦੀ-ਸੁਣਦੀ ਹੋਈ ਵੀ ਜਾਣ-ਬੁੱਝ ਕੇ ਅਣਜਾਣ ਬਣ ਕੇ ਦੇਖਦੀ ਰਹੀ। ਹੁਣ ਵੀ ਮੁੱਖ ਮੰਤਰੀ ਦਾ ‘ਪੁਲਸ ਸਭ ਦੀ ਰੱਖਿਆ ਨਹੀਂ ਕਰ ਸਕਦੀ‘ ਵਾਲਾ ਬਿਆਨ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਸੰਘੀ ਸੰਗਠਨਾਂ ਦੇ ਆਗੂਆਂ ਨੂੰ ਤੁਰਤ-ਫੁਰਤ ਦੁੱਧ ਧੋਤੇ ਕਰਾਰ ਦੇਣ ਵਾਲੇ ਬਿਆਨ ਕਿਸੇ ਡੂੰਘੀ ਸਾਜ਼ਿਸ਼ ਵੱਲ ਸੰਕੇਤ ਕਰਦੇ ਹਨ।
ਇਹੋ ਨਹੀਂ ਸ਼੍ਰੀ ਵਿਜ ਤਾਂ ਪਿਛੇ ਜਿਹੇ ਦੋ ਮੁਸਲਿਮ ਨੌਜਵਾਨਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰਨ ਦੇ ਦੋਸ਼ੀ ਮੋਨੂੰ ਮਾਨੇਸਰ, ਜੋ ਬਹੁਤ ਹੀ ਇਤਰਾਜ਼ ਯੋਗ ਅਤੇ ਨਫ਼ਰਤੀ ਭਾਸ਼ਾ ਦੀ ਵਰਤੋਂ ਕਰਦਾ ਹੋਇਆ ਉਕਤ ਨਾਮ ਨਿਹਾਦ ਧਾਰਮਿਕ ਯਾਤਰਾ ‘ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੇ ਸੱਦੇ ਦਿੰਦਾ ਰਿਹਾ ਸੀ, ਨੂੰ ਕਲੀਨ ਚਿੱਟ ਦੇਣ ਤੱਕ ਵੀ ਚਲੇ ਗਏ ਹਨ। ਆਗੂਆਂ ਨੇ ਦੇਸ਼ ਭਰ ਦੇ ਅਮਨ-ਅਮਾਨ ਨਾਲ ਰਹਿਣ ਦੇ ਚਾਹਵਾਨ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਸੰਘ-ਭਾਜਪਾ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਉਕਤ ਸਾਰਾ ਕੁੱਝ ਨੇੜ ਭਵਿੱਖ ‘ਚ ਹੋਣ ਵਾਲੀਆਂ ਵਿਧਾਨ ਸਭਾਈ ਅਤੇ 2024 ਦੀਆਂ ਆਮ ਚੋਣਾਂ ‘ਚ ਲਾਭ ਖੱਟਣ ਲਈ ਫਿਰਕੂ ਵੰਡ ਤਿੱਖੀ ਕਰਨ ਦੇ ਕੋਝੇ ਮਨਸੂਬਿਆਂ ਤਹਿਤ ਕੀਤਾ ਜਾ ਰਿਹਾ ਹੈ।
ਫਰੰਟ ਨੇ ਪ੍ਰਾਂਤ ਦੇ ਲੋਕਾਂ ਨੂੰ ਅਮਨ-ਸ਼ਾਂਤੀ ਕਾਇਮ ਰੱਖਣ, ਭਾਈਚਾਰਕ ਸਾਂਝ ਦੇ ਵੈਰੀਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਲੋਕਾਂ ‘ਚੋਂ ਨਿਖੇੜਣ ਦੀ ਅਪੀਲ ਕਰਦਿਆਂ ਸਮੂਹ ਨਰੋਈਆਂ ਸ਼ਕਤੀਆਂ ਨੂੰ ਇਸ ਖਤਰਨਾਕ ਹਕੂਮਤੀ ਸਾਜ਼ਿਸ ਵਿਰੁੱਧ ਸਾਂਝੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ। ਨਾਲ ਹੀ ਸਭਨਾਂ ਦੇਸ਼ ਵਾਸੀਆਂ, ਖਾਸ ਕਰਕੇ ਕਿਰਤੀ-ਕਿਸਾਨਾਂ, ਬੇਰੁਜ਼ਗਾਰ ਯੁਵਕਾਂ, ਇਸਤਰੀਆਂ ਅਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਆਪਣੀ ਰੋਜ਼ੀ-ਰੋਟੀ ਨਾਲ ਜੁੜੇ ਮਸਲਿਆਂ ਦੇ ਹੱਲ ਅਤੇ ਸਵੈਮਾਨ ਦੀ ਰਾਖੀ ਲਈ ਸੰਘਰਸ਼ ਪ੍ਰਚੰਡ ਕਰਨ ਦੀ ਵੀ ਅਪੀਲ ਕੀਤੀ ਹੈ।