ਨਵਾਂਸ਼ਹਿਰ, 15 ਦਸੰਬਰ,(ਵਿਪਨ ਕੁਮਾਰ) ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ “ਹੈਲਪ ਫਾਰ ਦ ਨੀਡੀ” ਮੁਹਿੰਮ ਤਹਿਤ ਮੰਦ ਰ ਸ਼ਿਵ ਧਾਮ ਨਹਿਰੂ ਗੇਟ ਵਿਖੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਤਾਂ ਜੋ ਇਹ ਪਰਿਵਾਰ ਆਉਣ ਵਾਲੇ ਦਿਨਾਂ ਵਿੱਚ ਵੱਧ ਰਹੀ ਠੰਡ ਤੋਂ ਆਪਣਾ ਬਚਾਅ ਕਰ ਸਕਣ। ਇਸ ਮੌਕੇ ਵਿਸ਼ਵਾਸ ਸੇਵਾ ਸੁਸਾਇਟੀ ਦੇ ਮੁਖੀ ਪਰਵਿੰਦਰ ਬੱਤਰਾ ਅਤੇ ਗੁਰੂ ਕੀ ਰਸੋਈ ਦੇ ਮੁਖੀ ਅਮਰੀਕ ਸਿੰਘ ਵੀ ਹਾਜ਼ਰ ਰਹੇ।
ਕਲੱਬ ਦੇ ਸਕੱਤਰ ਅਖਿਲ ਸ਼ਰਮਾ ਨੇ ਕਿਹਾ ਕਿ ਕੜਾਕੇ ਦੀ ਸਰਦੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਜਰੂਰਤ ਨੂੰ ਸਮਝਦੇ ਹੋਏ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ 15 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ। ਇਹ ਸੇਵਾ ਕਾਰਜ ਆਉਣ ਵਾਲੇ ਸਰਦੀਆਂ ਦੇ ਦਿਨਾਂ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਪੰਕਜ ਆਹੂਜਾ ਦੀ ਪ੍ਰੇਰਨਾ ਸਦਕਾ ਪਿੰਡ ਗੋਲੇਵਾਲ ਦੇ ਐਨਆਰਆਈ ਜਸਬੀਰ ਸਿੰਘ ਨੇ ਕਲੱਬ ਨੂੰ ਇਹ ਕੰਬਲ ਮੁਹੱਈਆ ਕਰਵਾਏ ਹਨ ਜੋ ਲੋੜਵੰਦ ਪਰਿਵਾਰਾਂ ਨੂੰ ਵੰਡੇ ਜਾ ਰਹੇ ਹਨ।
ਕਲੱਬ ਦੇ ਪ੍ਰਧਾਨ ਅੰਕੁਸ਼ ਨਿਝਾਵਨ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਮਨੁੱਖਤਾ ਦੀ ਸੇਵਾ ਅਤੇ ਸਭ ਤੋਂ ਵੱਡਾ ਧਰਮ ਹੈ। ਆਪਣੇ ਮਨੁੱਖੀ ਜੀਵਨ ਵਿੱਚ, ਸਾਨੂੰ ਆਪਣੇ ਆਪ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਅਤੇ ਦੂਜਿਆਂ ਦੀ ਮਦਦ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਮਲਜੀਤ ਚਾਂਦਲਾ, ਮਨੋਜ ਕਨੌਜੀਆ, ਪੰਡਿਤ ਅਸ਼ੋਕ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।