ਨਵਾਂਸ਼ਹਿਰ : (ਵਿਪਨ ਕੁਮਾਰ) ਕਰਿਆਮ ਰੋਡ ’ਤੇ ਸਥਿਤ ਕੇਸੀ ਮੈਨੇਜਮੈਂਟ ਕਾਲਜ ਵਿਖੇ ਮਿਨਿਸਟ੍ਰੀ ਆਫ ਯੂਥ ਅਫੇਅਰ ਅਤੇ ਸਪੋਰਟ ਦੇ ਦਿਸ਼ਾ-ਨਿਰਦੇਸ਼ੋ ਦੇ ਤਹਿਤ ਰਾਸ਼ਟਰੀ ਸੇਵਾ ਯੋਜਨਾ ਯੂਨਿਟ (ਐੱਨ.ਐੱਸ.ਐੱਸ.) ਵੱਲੋਂ ਸਵੱਛਤਾ ਜਾਗਰੂਕਤਾ ਮੁਹਿੰਮ ਦੇ ਤਹਿਤ ਕਾਲਜ ’ਚ ਸਫ਼ਾਈ ਕੀਤੀ ਗਈ। ਸਵੱਛਤਾ ਹੀ ਸੇਵਾ 2024 ਪੰਦਰਵਾੜਾ ਪੂਰੇ ਭਾਰਤ ’ਚ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ। ਸਫ਼ਾਈ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਵਲੰਟੀਅਰਾਂ ਨੂੰ ਕਿਹਾ ਕਿ ਸਫ਼ਾਈ ਸਾਡੇ ਜੀਵਨ ਲਈ ਜ਼ਰੂਰੀ ਹੈ। ਸਾਨੂੰ ਹਮੇਸ਼ਾ ਸਵੱਛਤਾ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਸਾਫ਼-ਸੁਥਰਾ ਵਾਤਾਵਰਨ ਬਣਾਉਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਸਵੱਛ ਵਾਤਾਵਰਣ ਸ਼ੁੱਧ ਕੁਦਰਤ ਅਤੇ ਸ਼ੁੱਧ ਸੰਸਕਾਰਾਂ ਦੀ ਸਿਰਜਣਾ ਕਰਦਾ ਹੈ। ਸਾਨੂੰ ਖੁਦ ਵੀ ਸਫਾਈ ਪ੍ਰਤੀ ਜਾਗਰੂਕ ਹੋਣਾ ਹੈ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਣਾ ਹੈ। ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਅੰਕੁਸ਼ ਨਿਝਾਵਨ ਨੇ ਕਿਹਾ ਕਿ ਸੁਭਾਵ ਸੰਸਕਾਰ ਸਵੱਛ ਥੀਮ ਤੇ ਚਲਾਈ ਜਾ ਰਹੀ ਮੁਹਿੰਮ ਦੇਸ਼ ਵਾਸੀਆਂ ਨੂੰ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ। ਕਾਲਜ ਦੀ ਐਨਐਸਐਸ ਯੂਨਿਟ ਵੱਲੋਂ ਸਫ਼ਾਈ ਮੁਹਿੰਮ 17 ਸਤੰਬਰ ਤੋਂ ਚੱਲ ਰਹੀ ਹੈ ਅਤੇ 2 ਅਕਤੂਬਰ ਤੱਕ ਜਾਰੀ ਰਹੇਗੀ। ਵਿਦਿਆਰਥੀਆਂ ਨੂੰ ਪਲਾਸਟਿਕ ਦੇ ਮਾਨਵ ਜੀਵਨ ’ਤੇ ਪੈ ਰਹੇ ਮਾੜੇ ਪ੍ਰਭਾਵ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਮੌਕੇ ’ਤੇ ਸਹਾਇਕ ਪ੍ਰੋਫੈਸਰ ਵਰਸ਼ਾ, ਜਸਦੀਪ ਕੌਰ, ਪ੍ਰਭਜੋਤ ਕੌਰ, ਨਿਸ਼ਾ, ਗੁਰਪ੍ਰੀਤ, ਸੁਖਮਿੰਦਰ ਅਤੇ ਵਿਪਨ ਕੁਮਾਰ ਸਹਿਤ ਸਟਾਫ ਹਾਜ਼ਰ ਰਹੇ।