ਸੰਗਰੂਰ: ਆਪਣਾ ਪੰਜਾਬ ਮੀਡੀਆ: ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਕਰੀਬ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਪਿਛਲੇ 9 ਦਿਨ ਤੋਂ ਮੋਬਾਈਲ ਟਾਵਰ ’ਤੇ ਚੜ੍ਹੀਆਂ ਪੰਜਾਬ ਪੁਲੀਸ ਭਰਤੀ-2016 ਦੀਆਂ ਉਮੀਦਵਾਰ ਦੋ ਲੜਕੀਆਂ ’ਚੋਂ ਅਮਨਦੀਪ ਕੌਰ ਫਾਜ਼ਿਲਕਾ ਦੀ ਬੀਤੀ ਰਾਤ ਸਿਹਤ ਵਿਗੜ ਗਈ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੀ ਲੜਕੀ ਹਰਦੀਪ ਕੌਰ ਅਜੇ ਵੀ ਟਾਵਰ ’ਤੇ ਮੌਜੂਦ ਹੈ ਜਦਕਿ ਟਾਵਰ ਹੇਠਾਂ ਉਮੀਦਵਾਰ ਰੋਸ ਧਰਨੇ ’ਤੇ ਬੈਠੇ ਹੋਏ ਹਨ। ਪੰਜਾਬ ਪੁਲੀਸ ਭਰਤੀ-2016 ਦੀ ਵੇਟਿੰਗ ਸੂਚੀ ਦੇ ਉਮੀਦਵਾਰਾਂ ਦੀ ਅਗਵਾਈ ਕਰ ਰਹੇ ਅਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਮਨਦੀਪ ਕੌਰ ਦੀ ਸਿਹਤ ਜ਼ਿਆਦਾ ਵਿਗੜ ਗਈ। ਉਸ ਨੂੰ ਜ਼ੁਕਾਮ ਤੇ ਛਾਤੀ ’ਚ ਦਰਦ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਅਮਨਦੀਪ ਕੌਰ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਕੁਝ ਨਹੀਂ ਕੀਤਾ ਸਗੋਂ ਸਾਥੀ ਉਮੀਦਵਾਰਾਂ ਨੇ ਖੁਦ ਹੀ ਅਮਨਦੀਪ ਕੌਰ ਨੂੰ ਹੇਠਾਂ ਉਤਾਰਿਆ। ਕਰੀਬ 80 ਫੁੱਟ ਉਚਾਈ ਤੋਂ ਹੇਠਾਂ ਉਤਾਰਨ ਮੌਕੇ ਇੱਕ ਉਮੀਦਵਾਰ ਜ਼ਖ਼ਮੀ ਹੋ ਗਿਆ। ਉਧਰ, ਐੱਸਐੱਮਓ ਡਾ. ਵਿਕਾਸ ਧੀਰ ਦਾ ਕਹਿਣਾ ਹੈ ਕਿ ਲੜਕੀ ਦੀ ਸਿਹਤ ਠੀਕ ਹੋਣ ਤੋਂ ਬਾਅਦ ਉਸ ਨੂੰ ਕੁਝ ਘੰਟਿਆਂ ਬਾਅਦ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।