ਡਾ. ਹਰਸ਼ਿੰਦਰ ਕੌਰ, ਡਾ. ਸਵਰਾਜ ਸਿੰਘ, ਬਾਵਾ, ਗੁਰਜੀਤ, ਸੰਦੀਲਾ, ਗੋਸਲ ਅਤੇ ਲਖਵੰਤ ਨੇ ਸਮਾਜਿਕ ਕੁਰੀਤੀਆਂ, ਸਹਿਜ, ਗੌਰਵਮਈ ਇਤਿਹਾਸ ਅਤੇ ਅਜੋਕੇ ਸਮਾਜ ਵਿੱਚ ਦਰਖਤਾਂ ਦੀ ਮਹੱਤਤਾ ਵਿਸ਼ੇ ‘ਤੇ ਰੱਖੇ ਵਿਚਾਰ
ਜ਼ਿੰਦਗੀ ਵਿੱਚ ਸਹਿਜ, ਸੰਜਮ, ਸੰਤੋਖ, ਸਾਦਗੀ, ਸਚਾਈ, ਸਹਿਣਸ਼ੀਲਤਾ ਹੀ ਸੁਖੀ ਜੀਵਨ ਦਾ ਆਧਾਰ ਹੈ- ਬਾਵਾ
ਮੁੱਲਾਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਉੱਘੀ ਸਮਾਜ ਸੇਵਿਕਾ ਸਿੰਮੀ ਕਵਾਤਰਾ, ਲੁਧਿਆਣਾ ਫਸਟ ਕਲੱਬ ਦੇ ਮੁੱਖ ਸਰਪ੍ਰਸਤ ਐੱਸ.ਕੇ. ਗੁਪਤਾ, ਰਿਟਾ. ਕਰਨਲ ਐਚ.ਐੱਸ ਕਾਹਲੋ ਨੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸਰਪ੍ਰਸਤ ਅਜੀਤ ਸਿੰਘ ਬਾਰੀ (ਕਲਕੱਤਾ), ਬਲਦੇਵ ਬਾਵਾ, ਅਸ਼ਵਨੀ ਮਹੰਤ, ਕਰਨੈਲ ਸਿੰਘ ਗਿੱਲ, ਰਣਜੀਤ ਸਿੰਘ ਸਰਪੰਚ ਅਤੇ ਸੇਵਾ ਸਿੰਘ ਰਿਟਾ. ਚੀਫ ਇੰਜੀ. ਹਾਊਸਫੈੱਡ ਪੰਜਾਬ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ ਮੁਹਿੰਮ ਦਾ ਸ਼ੁਭ ਆਰੰਭ ਕੀਤਾ। ਇਸ ਸਮੇਂ ਸਮਾਗਮ ਵਿੱਚ ਸਹਿਜ, ਗੌਰਵਮਈ ਇਤਿਹਾਸ, ਸਮਾਜਿਕ ਕੁਰੀਤੀਆਂ ਅਤੇ ਅਜੋਕੇ ਸਮਾਜ ਵਿੱਚ ਦਰਖਤਾਂ ਦੀ ਮਹੱਤਤਾ ਵਿਸ਼ੇ ‘ਤੇ ਹੋਏ ਸੈਮੀਨਾਰ ਵਿੱਚ ਜੀਵਨ ਦੇ ਹਰ ਪੱਖ ਤੋਂ ਸਮੁੱਚੀ ਮਨੁੱਖਤਾ ਨੂੰ ਜਾਗਰੂਕ ਕਰਨ ਲਈ ਡਾ. ਹਰਸ਼ਿੰਦਰ ਕੌਰ ਪਟਿਆਲਾ, ਉੱਘੇ ਇਤਿਹਾਸਕਾਰ ਡਾ. ਸਵਰਾਜ ਸਿੰਘ, ਗੁਰਜੀਤ ਸਿੰਘ ਰੁਮਾਣਾ, ਰਿਟਾ. ਐੱਸ.ਪੀ., ਜਸਵੰਤ ਸੰਧੀਲਾ ਆਰਟਿਸਟ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਪ੍ਰਿੰਸੀਪਲ ਲਖਵੰਤ ਕੌਰ ਗਿੱਲ ਨੇ ਵਿਚਾਰ ਪੇਸ਼ ਕੀਤੇ। ਹਾਜ਼ਰੀਨ ਲੋਕਾਂ ਨੇ ਬੁਲਾਰਿਆਂ ਨੂੰ ਧਿਆਨ ਨਾਲ ਸੁਣਿਆ।
ਇਸ ਸਮੇਂ ਡਾ. ਹਰਸ਼ਿੰਦਰ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੌਰਵਮਈ ਇਤਿਹਾਸ ‘ਤੇ ਰੌਸ਼ਨੀ ਪਾਈ ਅਤੇ ਜੀਵਨ ਅੰਦਰ ਸਹਿਜ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਸਮੇਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਹਰ ਇਨਸਾਨ ਸੁੱਖ ਦੀ ਭਾਲ ਵਿੱਚ ਫਿਰ ਰਿਹਾ ਹੈ। ਪੈਸੇ ਦੀ ਦੌੜ ਵਿੱਚ ਹੈ ਅਤੇ ਪ੍ਰਵਾਸ ਦੀ ਦੌੜ ਪੰਜਾਬ ਦਾ ਹਰ ਪੱਖੋਂ ਨੁਕਸਾਨ ਕਰ ਰਹੀ ਹੈ। ਇਸ ਸਮੇਂ ਬਾਵਾ ਨੇ ਕਿਹਾ ਕਿ ਜੀਵਨ ਅੰਦਰ ਸਹਿਜ, ਸ਼ਾਂਤੀ, ਸ਼ਹਿਨਸ਼ੀਲਤਾ, ਸੰਜਮ, ਸਾਦਗੀ ਹੀ ਜੀਵਨ ਦਾ ਅਧਾਰ ਹੈ। ਉਨ੍ਹਾਂ ਕਿਹਾ ਕਿ ਕੁਝ ਕਹਿਣਾ, ਕੁਝ ਸੁਣਨਾ, ਫਿਰ ਜੀਵਨ ਅੰਦਰ ਚੰਗੀਆਂ ਗੱਲਾਂ ਨੂੰ ਧਾਰਨ ਕਰਨਾ ਹੀ ਜ਼ਿੰਦਗੀ ਹੈ।
ਇਸ ਸਮੇਂ ਸੰਦੀਲਾ ਨੇ ਸਮਾਜਸੇਵੀ ਸ਼ਖਸ਼ੀਅਤਾਂ ਦੀ ਭਰਪੂਰ ਸਰਾਹਨਾ ਕੀਤੀ। ਉਹਨਾਂ ਕਿਹਾ ਕਿ ਬਾਵਾ ਨੇ ਸਵ. ਜਗਦੇਵ ਸਿੰਘ ਜੱਸੋਵਾਲ ਤੋਂ ਗੁੜਤੀ ਲੈ ਕੇ ਜੋ ਸੇਵਾ ਆਰੰਭੀ ਹੈ ਵਿਲੱਖਣ ਅਤੇ ਸਰਾਣਾਯੋਗ ਹੈ। ਇਸ ਸਮੇਂ ਗੁਰਜੀਤ ਸਿੰਘ ਰੁਮਾਣਾ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜ ਕੇ ਹੀ ਅਸੀਂ ਨਰੋਏ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਸਮੇਂ ਸ. ਬਹਾਦਰ ਸਿੰਘ ਗੋਸਲ ਉੱਘੇ ਕਾਲਮ ਨਵੀਸ ਨੇ ਕਿਹਾ ਕਿ ਇਤਿਹਾਸ ਦੇ ਵਰਕੇ ਸਾਨੂੰ ਭਵਿੱਖ ਦਾ ਰਸਤਾ ਦਿਖਾਉਂਦੇ ਹਨ। ਇਸ ਸਮੇਂ ਪ੍ਰਿੰਸੀਪਲ ਲਖਵੰਤ ਕੌਰ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਬੂਟੇ ਸੰਭਾਲਣਾ ਅਤੀ ਜਰੂਰੀ ਹੈ। ਉਹਨਾਂ ਕਿਹਾ ਕਿ ਬਾਵਾ ਅਤੇ ਮੈਂ ਅਸੀਂ ਹਮਜਮਾਤੀ ਹਾਂ। ਬਾਵਾ ਵੱਲੋਂ “ਸ਼ਬਦ ਪ੍ਰਕਾਸ਼ ਅਜਾਇਬ ਘਰ” ਐੱਸ. ਪੀ. ਸਿੰਘ ਉਬਰਾਏ ਦੇ ਸਹਿਯੋਗ ਨਾਲ ਬਣਾ ਕੇ ਵੱਡੀ ਦੇਣ ਸਮਾਜ ਨੂੰ ਦਿੱਤੀ ਗਈ ਹੈ, ਜੋ ਸਰਾਣਾਯੋਗ ਹੈ।
ਇਸ ਸਮੇਂ ਟਰਸਟੀ ਭਗਵਾਨ ਦਾਸ ਬਾਵਾ, ਰਜਿੰਦਰ ਬਾਵਾ, ਅਸ਼ਵਨੀ ਮਹੰਤ, ਉਮਰਾਓ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੇਂ ਲਖਵਿੰਦਰ ਸਿੰਘ ਅਤੇ ਬੀਬੀ ਗੁਰਮੀਤ ਕੌਰ ਆਹਲੂਵਾਲੀਆ ਪ੍ਰਧਾਨ ਮਹਿਲਾ ਵਿੰਗ ਵੱਲੋਂ ਸਮੁੱਚੇ ਕਾਰਜ ਲਈ ਨਿਭਾਈ ਸੇਵਾ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ