ਲੁਧਿਆਣਾ: ਆਪਣਾ ਪੰਜਾਬ ਮੀਡੀਆ: ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਹਲਕੇ ਦੇ ਵੱਖ-ਵੱਖ ਵਾਰਡਾਂ ’ਚ ਕਰੀਬ 85 ਲੱਖ ਦੀ ਲਾਗਤ ਨਾਲ ਹੋਣ ਵਾਲੇ ਸੜਕ ਉਸਾਰੀ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਟੈਕਸਾਂ ਦੇ ਪੈਸੇ ਅੱਜ ਉਨ੍ਹਾਂ ਨੂੰ ਵਿਕਾਸ ਦੇ ਰੂਪ ਵਿੱਚ ਵਾਪਸ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਕਰੀਬ 100 ਕਰੋੜ ਦੇ ਵਿਕਾਸ ਕਾਰਜ ਚੱਲ ਰਹੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁਕੰਮਲ ਕੀਤੇ ਜਾ ਚੁੱਕੇ ਹਨ ਬਾਕੀ ਰਹਿੰਦੇ ਵਿਕਾਸ ਕਾਰਜ ਆਉਣ ਵਾਲੇ ਦਿਨਾਂ ਵਿੱਚ ਮੁਕੰਮਲ ਕਰ ਲਏ ਜਾਣਗੇ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਪਹਿਲਾਂ ਹੀ ਅੱਠ ਆਮ ਆਦਮੀ ਕਲੀਨਿਕ ਖੁੱਲ੍ਹ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਪੰਜ ਨਵੇਂ ਹੋਰ ਕਲੀਨਿਕ ਖੁੱਲ੍ਹਣਗੇ। ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਹਲਕਾ ਵਾਸੀਆਂ ਨੂੰ ਮੁਫ਼ਤ ਇਲਾਜ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਦੋ ਹਸਪਤਾਲ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਸੀਐੱਮਸੀ ਅਤੇ ਡੀਐੱਮਸੀ ਦੀ ਤਰਜ਼ ’ਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਅੰਦਰ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਹਰ ਰੋਜ਼ ਇੱਕ ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ। ਅੱਜ ਕਰੀਬ ਪੰਜ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਇਨ੍ਹਾਂ ਸ਼ੁਰੂ ਕੀਤੇ ਵਿਕਾਸ ਕੰਮਾਂ ’ਤੇ ਕਰੀਬ 85 ਲੱਖ ਰੁਪਏ ਦੀ ਲਾਗਤ ਆਵੇਗੀ। ਵੱਖ-ਵੱਖ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਇਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ, ਜਿਸ ਕਾਰਨ ਉਨ੍ਹਾਂ ਨੂੰ ਤੈਅ ਸੀਮਾਂ ਵਿੱਚ ਪੂਰਾ ਕਰਨ ਦੀ ਸ਼ਰਤ ਦੇ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ’ਤੇ ਬੈਂਕ ਮੈਨੇਜਰ ਦਲਵਿੰਦਰ ਸਿੰਘ, ਵਾਰਡ ਇੰਚਾਰਜ ਅਨੁਜ ਚੌਧਰੀ, ਕਰਮਜੀਤ ਸਿੰਘ ਭੋਲਾ ਦਰਸ਼ਨ ਚਾਵਲਾ ਅਮਰ ਮਕੌੜੀ ਜੱਸ ਗਰੇਵਾਲ ਜੈ ਰਾਮ, ਅਮਰੀਕ ਸਿੰਘ ਸੈਣੀ, ਸੁਖਮਿੰਦਰ ਸਿੰਘ ਮੰਟੂ, ਅਮਰੀਕ ਸਿੰਘ, ਗੁਰਨਾਮ ਗਾਮਾ ਅਤੇ ਪੀਏ ਗੁਰਸ਼ਰਨਦੀਪ ਸਿੰਘ ਵੀ ਹਾਜ਼ਰ ਸਨ।
ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ 85 ਲੱਖ ਰੁਪਏ ਲਾਗਤ ਨਾਲ ਬਣੇ ਸੜਕ ਉਸਾਰੀ ਕਾਰਜਾਂ ਦਾ ਕੀਤਾ ਉਦਘਾਟਨ

Leave a comment