ਪੁਲੀਸ ਵੱਲੋਂ ਪਿਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ
ਪਿੰਡ ਮੱਟੀ ਵਿੱਚ ਇੱਕ ਵਿਆਹੁਤਾ ਦੀ ਰਹੱਸਮਈ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦਾ ਨਾਂ ਮਧੂ ਬਾਲਾ (25) ਪੁੱਤਰੀ ਤਰਸੇਮ ਲਾਲ ਵਾਸੀ ਮੱਟੀ ਦੱਸਿਆ ਜਾ ਰਿਹਾ ਹੈ। ਥਾਣਾ ਸ਼ਾਹਪੁਰਕੰਡੀ ਦੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਧਰਮ ਸਿੰਘ ਵਾਸੀ ਮੱਟੀ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਤਰਸੇਮ ਲਾਲ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਕਿ ਕਰੀਬ ਢਾਈ ਸਾਲ ਪਹਿਲਾਂ ਉਸ ਨੇ ਆਪਣੀ ਬੇਟੀ ਮਧੂ ਬਾਲਾ ਦੀ ਸ਼ਾਦੀ ਪਿੰਡ ਮੱਟੀ ਦੇ ਹੀ ਧਰਮ ਸਿੰਘ ਪੁੱਤਰ ਵੀਰ ਸਿੰਘ ਨਾਲ ਕੀਤੀ ਸੀ ਜਿਨ੍ਹਾਂ ਕੋਲ ਇੱਕ ਬੱਚਾ ਵੀ ਹੋਇਆ ਜੋ ਕਿ ਪੌਣੇ 2 ਸਾਲ ਦਾ ਹੈ। ਉਸ ਨੇ ਦੱਸਿਆ ਕਿ ਛੇ ਮਹੀਨੇ ਉਸ ਦੀ ਬੇਟੀ ਸਹੁਰੇ ਘਰ ਠੀਕ-ਠਾਕ ਰਹਿੰਦੀ ਰਹੀ। ਉਸ ਨੇ ਦੋਸ਼ ਲਾਇਆ ਕਿ ਬਾਅਦ ਵਿੱਚ ਉਸ ਦਾ ਪਤੀ ਧਰਮ ਸਿੰਘ ਉਸ ਨੂੰ ਦਾਜ ਦੀ ਮੰਗ ਲਈ ਪ੍ਰੇਸ਼ਾਨ ਕਰਨ ਲੱਗਾ ਅਤੇ ਅਕਸਰ ਹੀ ਝਗੜਾ ਕਰਦਾ ਸੀ। ਉਹ ਤੰਗ ਹੋ ਕੇ ਆਪਣੇ ਪੇਕੇ ਘਰ ਆ ਗਈ ਸੀ ਜਿਸ ’ਤੇ ਪੰਚਾਇਤ ਨੇ ਦਖਲ ਦੇ ਕੇ ਉਨ੍ਹਾਂ ਦਾ ਲੰਘੇ ਦਿਨ ਸਮਝੌਤਾ ਕਰਵਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੀ ਬੇਟੀ ਲੰਘੀ ਸ਼ਾਮ 9 ਤਰੀਕ ਨੂੰ ਕਰੀਬ 8 ਵਜੇ ਆਪਣੇ ਜਵਾਈ ਧਰਮ ਸਿੰਘ ਦੇ ਘਰ ਛੱਡ ਆਇਆ। ਅੱਜ ਸਵੇਰੇ 5 ਵਜੇ ਧਰਮ ਸਿੰਘ ਦਾ ਉਸ ਨੂੰ ਫੋਨ ਆਇਆ ਕਿ ਮਧੂ ਬਾਲਾ ਆਪਣੇ ਬਿਸਤਰੇ ਤੋਂ ਉਠ ਨਹੀਂ ਰਹੀ ਜਿਸ ’ਤੇ ਉਹ ਤੇ ਉਸ ਦੇ ਪਰਿਵਾਰਕ ਮੈਂਬਰ ਧਰਮ ਸਿੰਘ ਦੇ ਘਰ ਗਏ ਤੇ ਉੱਥੇ ਦੇਖਿਆ ਕਿ ਲੜਕੀ ਮਧੂ ਬਾਲਾ ਦੇ ਸਰੀਰ ਤੇ ਸੱਟਾਂ ਲੱਗੀਆਂ ਹੋਈਆਂ ਸਨ। ਉਹ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਤਰਸੇਮ ਲਾਲ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਲੜਕੀ ਮਧੂ ਬਾਲਾ ਨੂੰ ਉਸ ਦੇ ਪਤੀ ਧਰਮ ਸਿੰਘ ਨੇ ਮਾਰਕੁੱਟ ਕਰ ਕੇ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦਿੱਤਾ ਹੈ।
ਥਾਣਾ ਸ਼ਾਹਪੁਰਕੰਡੀ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਅਨੁਸਾਰ ਧਰਮ ਸਿੰਘ ਖਿਲਾਫ਼ ਧਾਰਾ 304-ਬੀ ਤਹਿਤ ਕੇਸ ਦਰਜ ਕਰ ਦਿੱਤਾ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਜਦਕਿ ਮੁਲਜ਼ਮ ਧਰਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।