ਕੁਰੂਕਸ਼ੇਤਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਪ੍ਰਧਾਨ ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਅਗਾਮੀ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹਰਿਆਣਾ ਦੀ ਰਾਜਨੀਤੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਕੈਬਨਿਟ ਸਮੇਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਸੌਂਪ ਦਿੱਤਾ ਹੈ। ਖੱਟਰ ਨੇ ਸੂਬੇ ਵਿੱਚ ਭਾਜਪਾ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਫੁੱਟ ਪੈਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੂਜੇ ਪਾਸੇ ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜੇਜੇਪੀ ਨੇਤਾ ਦੁਸ਼ਯੰਤ ਚੌਟਾਲਾ ਨੂੰ ਵੱਡਾ ਝਟਕਾ ਲੱਗਾ, ਜਿਸ ਦੇ ਪੰਜ ਵਿਧਾਇਕਾਂ ਨੇ ਦਿੱਲੀ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਤੋਂ ਬਾਅਦ ਭਾਜਪਾ-ਜੇਜੇਪੀ ਗਠਜੋੜ ਟੁੱਟਿਆ। ਭਾਜਪਾ ਵਰਕਰਾਂ ਅਤੇ ਆਗੂਆਂ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇਕੱਲਿਆਂ ਹੀ ਲੜਨ ਦੇ ਹੱਕ ਵਿੱਚ ਦੱਸਿਆ ਜਾ ਰਿਹਾ ਹੈ। ਜੇਜੇਪੀ ਜਿਨ੍ਹਾਂ ਪੰਜ ਵਿਧਾਇਕਾਂ ਦੇ ਭਾਜਪਾ ਵਿੱਚ ਜਾਣ ਦੀ ਸੰਭਾਵਨਾ ਹੈ, ਉਨ੍ਹਾਂ ਵਿੱਚ ਜੋਗੀ ਰਾਮ ਸਿਹਾਗ, ਰਾਮ ਕੁਮਾਰ ਗੌਤਮ, ਈਸ਼ਵਰ ਸਿੰਘ, ਰਾਮਨਿਵਾਸ ਅਤੇ ਦਵਿੰਦਰ ਬਬਲੀ ਸ਼ਾਮਲ ਹਨ। ਹਾਲਾਂਕਿ ਹਰਿਆਣਾ ਸਰਕਾਰ ਲਈ ਫੌਰੀ ਤੌਰ ‘ਤੇ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਇਹ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਬੇਭਰੋਸਗੀ ਮਤੇ ਨੂੰ ਮਾਤ ਦੇ ਚੁੱਕੀ ਹੈ। ਨਿਯਮ ਹੈ ਅਗਲੇ ਬੇਭਰੋਸਗੀ ਮਤੇ ਲਈ ਛੇ ਮਹੀਨਿਆਂ ਦਾ ਅੰਤਰ ਲਾਜ਼ਮੀ ਹੈ।ਹੁਣ ਨਵੀਂ ਕੈਬਨਿਟ ਦੇ ਸਹੁੰ ਚੁੱਕਣ ਦੀ ਸੰਭਾਵਨਾ ਹੈ ਅਤੇ ਜੇਜੇਪੀ ਧੜੇ ਦੇ ਮੈਂਬਰ ਅਤੇ ਆਜ਼ਾਦ ਵਿਧਾਇਕਾਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਦੇ ਆਪਣੇ 41 ਵਿਧਾਇਕ ਹਨ ਜਦਕਿ ਜੇਜੇਪੀ ਦੇ 10 ਵਿਧਾਇਕ ਹਨ।
ਦੱਸ ਦਈਏ ਕਿ ਹੁਣ ਕੁਰੂਕਸ਼ੇਤਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਪ੍ਰਧਾਨ ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ।