ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਪਿੰਡ-ਪਿੰਡ ਜਾਣਗੇ ਅਧਿਕਾਰੀ-ਏ.ਡੀ.ਸੀ ਕੰਚਨ
ਨਾਭਾ : (ਤਰੁਣ ਮਹਿਤਾਂ) ‘ਆਪ ਦੀ ਸਰਕਾਰ ਆਪ ਦੇ ਦੁਆਰ’ ਰਾਹੀਂ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਨ ਦੇ ਪੰਜਾਬ ਸਰਕਾਰ ਵਲੋੰ ਕੀਤੇ ਉਪਰਾਲੇ ਤਹਿਤ ਅੱਜ ਨਾਭਾ ਹਲਕੇ ਦੇ ਪਿੰਡ ਰੋਹਟੀ ਬਸਤਾ ਵਿਖੇ ਲਗਾਏ ਜਨ ਸੁਵਿਧਾ ਕੈੰਪ ਮੌਕੇ ਪਿੰਡ ਰੋਹਟਾ, ਰੋਹਟੀ ਖਾਸ, ਰੋਹਟੀ ਛੰਨਾ, ਮੈਹਸ, ਕੱਲ੍ਹੇਮਾਜਰਾ ਤੇ ਥੂਹੀ ਦੇ ਵਸਨੀਕਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਲਿਆ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਲੱਗੇ ਇਸ ਕੈਂਪ ‘ਚ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਅਤੇ ਐਸ ਡੀ ਐਨ ਨਾਭਾ ਤਰਸੇਮ ਚੰਦ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ।
ਇਸ ਦੌਰਾਨ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਲੋਕਾਂ ਨੇ ਇਸ ਵਿਲੱਖਣ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੀਆਂ ਸ਼ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕਰਵਾਅਿਾ। ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੇ ਫੌਰੀ ਹੱਲ ਹੋਣ ਦੇ ਭਰੋਸੇ ਨਾਲ ਪਹੁੰਚੇ ਲੋਕਾਂ ਨੇ ਆਪਣੇ ਕੰਮ ਹੋਣ ਦੇ ਸ਼ੁਕਰਾਨੇ ਵਜੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਇੱਥੇ ਹਾਜ਼ਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹਾ ਕਦਮ ਨਹੀਂ ਚੁੱਕਿਆ, ਜਿਸ ਕਰਕੇ ਇਸ ਨਿਵੇਕਲੇ ਪ੍ਰੋਗਰਾਮ ਲਈ ਮੁੱਖ ਮੰਤਰੀ ਵਧਾਈ ਦੇ ਪਾਤਰ ਹਨ।
ਜਦੋਂਕਿ ਏ.ਡੀ.ਸੀ. ਕੰਚਨ ਨੇ ਕੈਂਪ ਦਾ ਜਾਇਜਾ ਲੈਂਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਉੱਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ।ਮੈਡਮ ਕੰਚਨ ਨੇ ਕਿਹਾ ਕਿ ਕੈਂਪ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋ ਰਿਹਾ ਹੈ, ਸਗੋਂ ਸੂਬਾ ਸਰਕਾਰ ਦੀਆਂ ਨੀਤੀਆਂ ਸਬੰਧੀ ਜ਼ਮੀਨੀ ਪੱਧਰ ਦੀ ਫੀਡਬੈਕ ਹਾਸਲ ਕਰਨ ਦਾ ਢੁਕਵਾਂ ਮੰਚ ਸਾਬਤ ਹੋ ਰਿਹਾ ਹੈ। ਲੋਕਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ. ਕੰਚਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਲੋਕਾਂ ਵਿੱਚ ਜਾ ਰਿਹਾ ਹੈ।
ਜਨ ਸੁਵਿਧਾ ਕੈਂਪ ਵਿੱਚ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਉੱਤੇ ਤਸੱਲੀ ਜ਼ਾਹਰ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਪੁੱਤਰ ਐਡਵੋਕੇਟ ਰਾਹੁਲ ਸੈਣੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ ਕਿਉਂਕਿ ਸਰਕਾਰ ਖੁਦ ਉਨ੍ਹਾਂ ਕੋਲ ਆ ਕੇ ਮੌਕੇ ‘ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੀ ਹੈ। ਇਸ ਮੌਕੇ ਬੂਟੇ ਵੀ ਲਗਾਏ ਗਏ।
ਇਸ ਜਨ ਸੁਵਿਧਾ ਕੈਂਪ ਦੌਰਾਨ ਰਾਸ਼ਨ ਕਾਰਡ ਵਿੱਚ ਆਪਣੇ ਪਰਿਵਾਰਕ ਜੀਆਂ ਦੇ ਨਾਮ ਜੋੜਨ, ਜਨਮ ਤੇ ਮੌਤ ਦੇ ਸਰਟੀਫਿਕੇਟ, ਆਧਾਰ ਕਾਰਡ ਵਿੱਚ ਆਪਣੇ ਨਾਮ ਠੀਕ ਕਰਵਾਉਣ ਤੋਂ ਇਲਾਵਾ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਕਿਰਤ ਵਿਭਾਗ ਦੀ ਲਾਲ ਕਾਪੀ ਬਣਵਾਉਣ ਸਮੇਤ ਮਾਲ ਵਿਭਾਗ ਦੇ ਕੰਮ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਲੋਕਾਂ ਨੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ।
ਇਸ ਮੌਕੇ ਤਹਿਸੀਲਦਾਰ ਨਾਭਾ ਸ਼ੀਸਪਾਲ ਸਿੰਗਲਾ, ਬੀ.ਡੀ.ਪੀ.ਓ. ਪਟਿਆਲਾ ਦਿਹਾਤੀ, ਨਾਇਬ ਤਹਿਸੀਲਦਾਰ ਗੁਰਮਨ ਗੋਲਡੀ, ਸੀ.ਡੀ.ਪੀ.ਓ. ਜਸਵੀਰ ਕੌਰ, ਅਮਨਦੀਪ ਸਿੰਘ ਭੁੱਲਰ, ਜੈ ਸ਼ਰਮਾ, ਸੁਰੇਸ਼ ਰਾਏ, ਹਰਪਾਲ ਸਿੰਘ ਵਿਰਕ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਸਮੇਤ ਹੋਰ ਪਤਵੰਤੇ ਮੌਜੂਦ ਸਨ।