-ਪੰਜਾਬ ਸਰਕਾਰ ਵੱਲੋਂ ਕੇਸੀ ਕਾਲਜ ਵਿਖੇ ਸੀ.ਐਮ ਦੀ ਯੋਗਸ਼ਾਲਾ ਤੇ ਤਹਿਤ 15 ਰੋਜਾ ਰਿਫਰੈਸ਼ਰ ਕੋਰਸ ਦਾ ਚੌਥਾ ਕੈਂਪ ਸ਼ੁਰੂ
-ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਨਾਲ ਇਨ੍ਹਾਂ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ ਰੁਜ਼ਗਾਰ ਮਿਲੇਗਾ।
-81 ਸਿਖਿਆਰਥੀਆਂ ਨੂੰ ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਸਿਖਲਾਈ ਦਿੱਤੀ ਜਾਵੇਗੀ
ਨਵਾਂਸ਼ਹਿਰ, 22 ਅਗਸਤ, (ਵਿਪਨ ਕੁਮਾਰ)
ਕਰਿਆਮ ਰੋਡ ’ਤੇ ਸਥਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੇ ਡ੍ਰੀਮ ਪ੍ਰੋਜੈਕਟ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਕੇਸੀ ਕਾਲਜ ’ਚ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਨਾਲ 15 ਰੋਜਾ ਯੋਗਾ ਸਿਖਲਾਈ ਲਈ ਚੌਥਾ ਰਿਫਰੈਸ਼ਰ ਕੋਰਸ ਸ਼ੁਰੂ ਕੀਤਾ ਗਿਆ। ਇਸ ਸਮਾਗਮ ’ਚ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਸੀਨੀਅਰ ਸਲਾਹਕਾਰ ਅਮਰੇਸ਼ ਕੁਮਾਰ ਝਾੱ, ਸੀਨੀਅਰ ਸਲਾਹਕਾਰ ਕਮਲੇਸ਼ ਕੁਮਾਰ ਮਿਸ਼ਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਜੋਤ ਜਗਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ’ਚ ਮੁੱਖ ਮਹਿਮਾਨ ਦੇ ਨਾਲ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਐਸ.ਏ.ਓ ਇੰਜ. ਆਰਕੇ ਮੂੰਮ, ਅੰਕੁਸ਼ ਨਿਝਾਵਨ, ਡਾ. ਰਾਜ ਕੁਮਾਰ ਅਤੇ ਐਚਆਰ ਰਿਦੋਸ਼ ਕਪੂਰ ਵੀ ਮੌਜੂਦ ਸਨ। ਐਚ.ਆਰ ਨਿਰਦੋਸ਼ ਕਪੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਉਣ ਲਈ 5 ਅਪ੍ਰੈਲ 2023 ਤੋਂ ਆਪਣੀ ਨਿਵੇਕਲੀ ਪਹਿਲ ’ਸੀਐਮ ਦੀ ਯੋਗਸ਼ਾਲਾ’ ਸ਼ੁਰੂ ਕੀਤੀ ਗਈ ਹੈ। ਹੁਣ 81 ਯੋਗ ਟੀਚਰਾਂ ਨੂੰ ਟ੍ਰੇਨਿਗ ਦਿੱਤੀ ਜਾ ਰਹੀ ਹੈ। ਰਜਿਸਟਰਾਰ ਡਾ. ਸੰਜੀਵ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਯੋਗ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਰੱਖ ਕੇ ਹਸਪਤਾਲਾਂ ’ਚ ਭੀੜ ਘੱਟ ਕਰਣਾ ਚਾਹੁੰਦੀ ਹੈ। ਕੇਸੀ ਕਾਲਜ ਵਿੱਚ ਇਹ ਚੌਥਾ ਰਿਫਰੈਸ਼ਰ ਕੋਰਸ ਹੈ, ਇਸ ਤੋਂ ਪਹਿਲਾਂ ਸਰਕਾਰ ਤਿੰਨ ਰਿਫਰੈਸ਼ਰ ਕੋਰਸ ਕਰਵਾ ਚੁੱਕੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ’ਚ ਕਰੀਬ 540 ਯੋਗਾ ਟ੍ਰੇਨਰ ਨਿਯੁਕਤ ਕੀਤੇ ਗਏ ਹਨ ਜੋ ਕਿ ਹੁਣ ਪੰਜਾਬ ’ਚ ਤਿੰਨ ਹਜ਼ਾਰ ਤੋਂ ਵੱਧ ਥਾਵਾਂ ’ਤੇ ਕਲਾਸਾਂ ਲਗਾ ਕੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਘਰ-ਘਰ ਜਾ ਕੇ ਯੋਗਾ ਸਿਖਾਇਆ ਜਾ ਰਿਹਾ ਹੈ। ਇਸਦੇ ਲਈ ਇੱਕ ਹੈਲਪਲਾਈਨ ਨੰਬਰ 7669400500 ਵੀ ਹੈ, ਬੱਸ ਇੱਕ ਮਿਸ ਕਾਲ ਕਰੋ ਅਤੇ ਪੰਜਾਬ ਸਰਕਾਰ ਇੱਕ ਮੁਫਤ ਯੋਗਾ ਅਧਿਆਪਕ ਮੁਹੱਈਆ ਕਰਵਾਏਗੀ। ਲੋਕ ਖਾਣ-ਪੀਣ ਅਤੇ ਯੋਗਾ ਅਭਿਆਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਪੰਜਾਬ ਯੋਗਾ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਚੁੱਕਾ ਹੈ। ਸੀਨੀਅਰ ਯੋਗ ਸਲਾਹਕਾਰ ਅਮਰੇਸ਼ ਕੁਮਾਰ ਝਾੱ ਅਤੇ ਕਮਲੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ’ਸੀ.ਐੱਮ. ਦੀ ਯੋਗਸ਼ਾਲਾ’ ’ਚ ਸਿਖਲਾਈ ਦੌਰਾਨ ਟਰੇਨਰਾਂ ਨੂੰ ਸੂਖਮ ਕਸਰਤ, ਸਥੂਲ ਕਸਰਤ, ਆਸਣ, ਪ੍ਰਾਣਾਯਾਮ ਅਤੇ ਧਿਆਨ ਸਿਖਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਲੋਕਾ ਨੂੰ ਸਿਖਾਉਣ ਦੇ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇੱਕ ਸਿਹਤਮੰਦ ਜੀਵਨ ਸ਼ੈਲੀ ਅਤੇ ਨਿਯਮਤ ਯੋਗਾ ਅਭਿਆਸ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ ਅਤੇ ਇਸ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਅਤੇ ਮਨ ਤੰਦਰੁਸਤ ਰਹਿੰਦਾ ਹੈ। ਮੌਕੇ ਤੇ ਸੁਪਰਵਾਈਜ਼ਰ ਪ੍ਰਤਿਮਾ ਡਾਬਰ, ਨਿਰਮਲ ਸਿੰਘ, ਰਮਨਦੀਪ ਕੌਰ, ਜਤਿਨ ਕੁਮਾਰ, ਸੁਰੱਕਸ਼ਾ ਸ਼ੁਕਲਾ ਅਤੇ ਲਵਪ੍ਰੀਤ ਸਿੰਘ ਸਮੇਤ ਕੇਸੀ ਕਾਲਜ ਦਾ ਸਟਾਫ਼ ਹਾਜ਼ਰ ਰਿਹਾ।