ਮੁੱਖ ਮੰਤਰੀ ਨੇ ਚੱਬੇਵਾਲ ਹਲਕੇ ਦੇ ਪਿੰਡ ਪੰਡੋਰੀ ਬੀਬੀ ਅਤੇ ਬਾਹੋਵਾਲ ਵਿੱਚ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ
ਹੁਸ਼ਿਆਰਪੁਰ : ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜੇ ਆ ਚੁੱਕੇ ਹਨ, ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੋਣ ਰੈਲੀਆਂ ’ਚ ਲੋਕਾਂ ਵੱਲੋਂ ‘ਆਪ’ ਨੂੰ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਹੀ ਜਿੱਤੇਗੀ। ਇੱਥੇ ਚੱਬੇਵਾਲ ਹਲਕੇ ਦੇ ਪਿੰਡ ਪੰਡੋਰੀ ਬੀਬੀ ਅਤੇ ਬਾਹੋਵਾਲ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ, ਉਹ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਮਜਬੂਰ ਸਨ। ਹੁਣ ਲੋਕਾਂ ਨੂੰ ਤੀਜਾ ਬਦਲ ਮਿਲ ਗਿਆ ਹੈ ਅਤੇ ਉਹ ਇਸ ਦੇ ਹੱਕ ਵਿਚ ਹੀ ਫ਼ਤਵਾ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚੰਗੇ ਸਿਆਸੀ ਆਗੂਆਂ ਦੀ ਘਾਟ ਕਾਰਨ ਤਰੱਕੀ ਨਹੀਂ ਕਰ ਸਕਿਆ। ਇਸ ਘਾਟ ਨੂੰ ਆਮ ਆਦਮੀ ਪਾਰਟੀ ਪੂਰਾ ਕਰ ਰਹੀ ਹੈ। ਵਿਰੋਧੀਆਂ ਨੂੰ ਮੌਕਾਪ੍ਰਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜ ਸਾਲ ਲੁੱਟ ਕੇ ਆਖਰੀ ਦਿਨਾਂ ਵਿਚ ਕੁੱਝ ਰਾਹਤਾਂ ਦੇ ਕੇ ਉਹ ਵੋਟਰਾਂ ਨੂੰ ਆਪਣੇ ਵੱਲ ਖਿੱਚਦੇ ਰਹੇ ਪਰ ਹੁਣ ਅਜਿਹਾ ਨਹੀਂ ਹੋਵੇਗਾ। ਲੋਕ ਅਜਿਹੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਜਾਣ ਚੁੱਕੇ ਹਨ ਤੇ ਹੁਣ ਉਹ ਸੋਚ ਸਮਝ ਕੇ ਹੀ ਵੋਟਾਂ ਪਾਉਣਗੇ। ਚੱਬੇਵਾਲ ਹਲਕੇ ਦੇ ਲੋਕਾਂ ਨੂੰ ਡਾ. ਇਸ਼ਾਂਕ ਕੁਮਾਰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਵਿਧਾਇਕ ਬਣਨ ਤੋਂ ਬਾਅਦ ਡਾ. ਇਸ਼ਾਂਕ ਇਲਾਕੇ ਦੀਆਂ ਮੰਗਾਂ ਉਨ੍ਹਾਂ ਦੇ ਧਿਆਨ ’ਚ ਲਿਆਉਣਗੇ ਅਤੇ ਉਹ ਉਨ੍ਹਾਂ ਨੂੰ ਪੂਰਾ ਕਰਨਗੇ। ਇਸ ਦੌਰਾਨ ਡਾ. ਇਸ਼ਾਂਕ ਕੁਮਾਰ ਅਤੇ ਉਨ੍ਹਾਂ ਦੇ ਪਿਤਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਲਾਕੇ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।