ਮਾਲਵਾ : ਆਪਣਾ ਪੰਜਾਬ ਮੀਡੀਆ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਪ੍ਰਸ਼ਨ ਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਆਉਂਦੇ ਵਰ੍ਹੇ ਵਿੱਚ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪੁੱਜਦਾ ਕਰਕੇ ਕਰੀਬ ਪੰਜ ਲੱਖ ਟਿਊਬਵੈੱਲਾਂ ਦੀ ਕਟੌਤੀ ਕੀਤੇ ਜਾਣ ਦਾ ਟੀਚਾ ਹੈ। ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿਚ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜ ਏਕੜ ਤੋਂ ਘੱਟ ਮਾਲਕੀ ਦੇ ਕਿਸਾਨਾਂ ਅਤੇ ਜ਼ਮੀਨਾਂ ਦੀ ਤਕਸੀਮ ਮਗਰੋਂ ਅਲੱਗ ਖਾਤੇ ਵਾਲੇ ਕਿਸਾਨਾਂ ਲਈ ਨਵੇਂ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਕੋਈ ਤਜਵੀਜ਼ ਨਹੀਂ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ 14 ਮਾਰਚ 2018 ਤੋਂ ਮਗਰੋਂ ਪੰਜਾਬ ਵਿੱਚ ਸੁਤੰਤਰਤਾ ਸੰਗਰਾਮੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਡਿਮਾਂਡ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਸ਼ਵਰਾ ਦਿੱਤਾ ਕਿ ਪੰਜਾਬ ਵਿੱਚ ਜੋ 14.50 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਉਨ੍ਹਾਂ ਨੂੰ ਤਰਕਸੰਗਤ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮਾਲਵੇ ਵਿੱਚ 9.64 ਲੱਖ ਕੁਨੈਕਸ਼ਨ ਹਨ।
ਮੁੱਖ ਮੰਤਰੀ ਨੇ ਇਸ ਮਸ਼ਵਰੇ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਸਰਕਾਰ ਬੰਦ ਪਈਆਂ ਨਹਿਰਾਂ ਅਤੇ ਰਜਵਾਹਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਅੰਡਰਗਰਾਊਂਡ ਪਾਈਪਾਂ ਜ਼ਰੀਏ ਵੀ ਨਹਿਰੀ ਪਾਣੀ ਦੇਣ ਦਾ ਪ੍ਰਾਜੈਕਟ ਚੱਲ ਰਿਹਾ ਹੈ। ਇਸੇ ਤਰ੍ਹਾਂ ਮਾਲਵਾ ਨਹਿਰ ਬਣਾਈ ਜਾਵੇਗੀ ਅਤੇ ਇਸ ਨਾਲ ਸਰਹਿੰਦ ਨਹਿਰ ਵਿੱਚੋਂ ਪਾਣੀ ਚੁੱਕਣ ਵਾਲੇ ਲਿਫ਼ਟ ਪੰਪਾਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਨਹਿਰੀ ਪਾਣੀ ਏਨਾ ਆਮ ਕਰ ਦਿੱਤਾ ਜਾਵੇਗਾ ਕਿ ਕਰੀਬ ਪੰਜ ਲੱਖ ਟਿਊਬਵੈੱਲਾਂ ਦੀ ਕੋਈ ਲੋੜ ਨਹੀਂ ਰਹੇਗੀ।
ਮਾਲਵਾ ਨਹਿਰ ਦੇ ਨਿਰਮਾਣ ਮਗਰੋਂ ਪੰਜ ਲੱਖ ਟਿਊਬਵੈੱਲ ਵਿਹਲੇ ਹੋ ਜਾਣਗੇ: ਭਗਵੰਤ ਮਾਨ

Leave a comment