ਕਰਨਾਟਕ ਦੇ ਸਾਬਕਾ ਕੌਮਾਂਤਰੀ ਕ੍ਰਿਕਟਰ ਅਤੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਡੇਵਿਡ ਜੌਹਨਸਨ ਦਾ ਅੱਜ ਸਵੇਰੇ 52 ਸਾਲ ਦੀ ਉਮਰ ਵਿੱਚ ਬੰਗਲੌਰ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਮੁਤਾਬਕ ਉਨ੍ਹਾਂ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। 16 ਅਕਤੂਬਰ 1971 ਨੂੰ ਅਰਸੀਕੇਰੇ ਕਰਨਾਟਕ ਵਿੱਚ ਜਨਮੇ ਡੇਵਿਡ ਨੇ 1990 ਦੇ ਦਹਾਕੇ ਦੇ ਮੱਧ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਜੌਹਨਸਨ ਨੇ ਅਕਤੂਬਰ 1996 ਵਿੱਚ ਆਸਟਰੇਲੀਆ ਖ਼ਿਲਾਫ਼ ਭਾਰਤ ਲਈ ਆਪਣਾ ਪਹਿਲਾ ਟੈਸਟ ਖੇਡਿਆ। ਉਸ ਨੇ ਕੁੱਲ ਦੋ ਟੈਸਟ ਮੈਚ ਖੇਡੇ। ਜੌਹਨਸਨ ਦੇ ਕਰੀਅਰ ਦੀ ਮੁੱਖ ਗੱਲ ਇਹ ਰਹੀ ਕਿ ਉਸ ਨੇ ਆਸਟਰੇਲੀਆ ਵਿਰੁੱਧ ਟੈਸਟ ਮੈਚ ਦੌਰਾਨ 157.8 ਕਿਲੋਮੀਟਰ ਪ੍ਰਤੀ ਘੰਟਾ ਦੀ ਗੇਂਦਬਾਜ਼ੀ ਦੀ ਗਤੀ ਸੀ। ਉਸ ਦਾ ਆਖ਼ਰੀ ਟੈਸਟ ਮੈਚ 1996 ਵਿੱਚ ਡਰਬਨ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਸੀ। ਆਪਣੀ ਰਫ਼ਤਾਰ ਨਾਲ ਸਮਰੱਥਾ ਦਿਖਾਉਣ ਦੇ ਬਾਵਜੂਦ ਉਸ ਦਾ ਲੰਬਾ ਅੰਤਰਰਾਸ਼ਟਰੀ ਕਰੀਅਰ ਨਹੀਂ ਬਣਿਆ ਅਤੇ ਭਾਰਤ ਲਈ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਨਹੀਂ ਖੇਡਿਆ।