ਜਲੰਧਰ : ਦਲਜੀਤ ਕੌਰ : “ਭਾਰਤ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਕਮੇਟੀ ਵੱਲੋਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਜੁੜੇ ਸੰਗਠਨਾਂ ਦੇ ਖਰੂਦੀ ਟੋਲਿਆਂ ਵੱਲੋਂ ਮੋਦੀ-ਸ਼ਾਹ ਸਰਕਾਰ ਦੇ ਥਾਪੜੇ ਨਾਲ ਦੇਸ਼ ਭਰ ’ਚ ਝੁਲਾਈ ਜਾ ਰਹੀ ਫਿਰਕੂ ਹਿੰਸਾ ਦੀ ਹਨ੍ਹੇਰੀ ਖ਼ਿਲਾਫ਼ ਦੇਸ਼ ਵਿਆਪੀ ਲਾਮਬੰਦੀ ਅਤੇ ਚੇਤਨਾ ਮੁਹਿੰਮ ਵਿੱਢੇ ਜਾਣ ਦੇ ਨਿਰਣੇ ਤਹਿਤ ਪੰਜਾਬ ਅੰਦਰ ਸਤੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਪਾਰਟੀ ਵਲੋਂ ਦੋ ਸੂਬਾਈ ਜੱਥੇ ਤੋਰੇ ਜਾਣਗੇ। ਇਹ ਜੱਥੇ ਸੂਬੇ ਅੰਦਰ ਸੈਂਕੜੇ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਸੰਘ-ਭਾਜਪਾ ਦੇ ਧਰਮ ਆਧਾਰਿਤ ਕੱਟੜ ਰਾਸ਼ਟਰ ਦੀ ਕਾਇਮੀ ਅਤੇ 2024 ਦੀਆਂ ਆਮ ਚੋਣਾਂ ’ਚ ਹਰ ਮੁਹਾਜ ’ਤੇ ਨਾਕਾਮ ਸਿੱਧ ਹੋਈ ਭਾਜਪਾ ਸਰਕਾਰ ਦੀ ਮੁੜ ਕਾਇਮੀ ਲਈ ਕੀਤੀ ਜਾ ਰਹੀ ਫਿਰਕੂ ਕਤਾਰਬੰਦੀ ਦੇ ਤਬਾਹਕੁੰਨ ਨਤੀਜਿਆਂ ਤੋਂ ਲੋਕਾਈ ਨੂੰ ਜਾਣੂੰ ਕਰਾਉਨਗੇ। ਇਨ੍ਹਾਂ ਜਨ ਸਭਾਵਾਂ ਦੌਰਾਨ ਸੰਘ-ਭਾਜਪਾ ਵੱਲੋਂ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਅਤੇ ਲੋਕ ਘੋਲਾਂ ਨੂੰ ਕੁਰਾਹੇ ਪਾਉਣ ਲਈ ਉਛਾਲੇ ਜਾ ਰਹੇ ਫਿਰਕੂ-ਵੰਡਵਾਦੀ ਮੁੱਦਿਆਂ ਨੂੰ ਦਰਕਿਨਾਰ ਕਰਦਿਆਂ ਮਿਹਨਤੀ ਲੋਕਾਈ ਨੂੰ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ, ਲੋਕ ਮਾਰੂ ਨੀਤੀਆਂ ਵਿਰੁੱਧ ਫੌਲਾਦੀ ਏਕਾ ਕਾਇਮ ਕਰਦੇ ਹੋਏ ਜੋਰਦਾਰ ਲੋਕ ਘੋਲ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ।’’ ਇਹ ਨਿਰਣਾ ਪਾਰਟੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸੱਦੀ ਗਈ ਸੂਬਾਈ ਕਨਵੈਨਸ਼ਨ ਵਿੱਚ ਹਾਜ਼ਰ ਪ੍ਰਤੀਨਿਧਾਂ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਲਿਆ ਗਿਆ।
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੇ ਹਾਜਰ ਹੋਏ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਮਨੀਪੁਰ ਵਿਖੇ ਕੇਂਦਰੀ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਦੀ ਨੰਗੀ-ਚਿੱਟੀ ਸ਼ਹਿ ਨਾਲ ਲੰਘੀ 3 ਮਈ ਤੋਂ ਜਾਰੀ ਕਤਲੋ-ਗਾਰਤ, ਇਸਤਰੀਆਂ ਦੀ ਬੇਹੁਰਮਤੀ ਦੀਆਂ ਸ਼ਰਮਨਾਕ ਵਾਰਦਾਤਾਂ ਅਤੇ ਵਿਆਪਕ ਸਾੜ-ਫੂਕ ਤੇ ਲੁੱਟ-ਮਾਰ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸੂਬੇ ਦੇ ਇਸ ਖਤਰਨਾਕ ਹਾਲਾਤ ਬਾਰੇ ਪ੍ਰਧਾਨ ਮੰਤਰੀ ਮੋਦੀ ਦੀ ਅਪਰਾਧਿਕ ਬੇਧਿਆਨੀ ਦੀ ਡਟਵੀਂ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਦੇਸ਼-ਵਿਦੇਸ਼ ’ਚ ਹੋ ਰਹੀ ਭਾਰਤ ਦੀ ਵਿਆਪਕ ਕਿਰਕਿਰੀ ਦੇ ਬਾਵਜੂਦ ਹਾਲਾਤ ਨੂੰ ਕਾਬੂ ਕਰਨ ਲਈ ਠੋਸ ਯਤਨ ਨਾ ਕਰਨਾ ਸੰਘ-ਭਾਜਪਾ, ਮੋਦੀ-ਸ਼ਾਹ ਸਰਕਾਰ ਅਤੇ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੀ ਕਿਸੇ ਗੁੱਝੀ ਸਾਜ਼ਿਸ਼ ਦਾ ਸੰਕੇਤ ਹੈ। ਉਨ੍ਹਾਂ ਗੁਆਂਢੀ ਸੂਬੇ ਹਰਿਆਣਾ ਅੰਦਰ ਉੱਥੋਂ ਦੀ ਖੱਟਰ ਸਰਕਾਰ ਦੀ ਸ਼ਹਿ ਨਾਲ ਸੰਘੀ ਸੰਗਠਨਾਂ ਵੱਲੋਂ ਫਿਰਕੂ ਉਕਸਾਹਟਾਂ ਰਾਹੀਂ ਪੈਦਾ ਕੀਤੇ ਫਿਰਕੂ ਤਣਾਅ ਦੀ ਵੀ ਜੋਰਦਾਰ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਜੋਰ ਦੇ ਕੇ ਕਿਹਾ ਕਿ ਦੇਸ਼ ਨੂੰ ਫ਼ਿਰਕੂ ਹਿੰਸਾ ਦੇ ਭਾਂਬੜਾਂ ਤੋਂ ਬਚਾਉਣ ਅਤੇ ਭਾਰਤ ਦੇ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਦੀ ਰਾਖੀ ਲਈ 2024 ਦੀਆਂ ਆਮ ਚੋਣਾਂ ’ਚ ਮੋਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕੀਤੇ ਬਗੈਰ ਦੇਸ਼ ਵਾਸੀਆਂ ਸਾਹਮਣੇ ਮੌਜੂਦਾ ਸਮੇਂ ’ਚ ਹੋਰ ਕੋਈ ਰਾਹ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਦਾ ਜਮਹੂਰੀ ਲੀਹਾਂ ’ਤੇ ਲੜਿਆ ਗਿਆ ਬਾਜਾਬਤਾ ਸੰਘਰਸ਼ ਹੀ ਪੰਜਾਬ ਨਾਲ ਅਤੀਤ ’ਚ ਕੀਤੀ ਗਈ ਬੇਇਨਸਾਫ਼ੀ ਨੂੰ ਦੂਰ ਕਰਨ ਅਤੇ ਅਜੋਕੇ ਹੁਕਮਰਾਨਾਂ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਨੂੰ ਭਾਂਜ ਦੇਣ ਦੀ ਜਾਮਨੀ ਹੋ ਸਕਦਾ ਹੈ। ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਇੱਕੋ ਜਿਹੀਆਂ ਹੀ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਦੋਨੋਂ ਹੀ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਬੇਲੋੜੇ ਜਜ਼ਬਾਤੀ ਮੁੱਦੇ ਉਛਾਲ ਕੇ ਡੰਗ-ਟਪਾਈ ਕਰ ਰਹੀਆਂ ਹਨ।
ਕਨਵੈਨਸ਼ਨ ਦੀ ਪ੍ਰਧਾਨਗੀ ਪਾਰਟੀ ਦੀ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕੀਤੀ।
ਸਟੇਜ ਦੀ ਕਾਰਵਾਈ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਚਲਾਈ। ਸਰਵ ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਵੇਦ ਪ੍ਰਕਾਸ਼, ਨੱਥਾ ਸਿੰਘ ਪਠਾਨਕੋਟ, ਬੀਬੀ ਰਘਬੀਰ ਕੌਰ ਨੇ ਵੀ ਵਿਚਾਰ ਰੱਖੇ।ਆਰੰਭ ਵਿੱਚ ਹੀਰੋਸ਼ਿਮਾ ਅਤੇ ਨਾਗਾਸਾਕੀ ਵਿਖੇ ਐਟਮੀ ਹਮਲੇ ਅਤੇ ਸਾਮਰਾਜੀ ਧਾੜਵੀਆਂ ਵੱਲੋਂ ਛੇੜੀਆਂ ਗਈਆਂ ਨਿਹੱਕੀਆਂ ਜੰਗਾਂ ਵਿੱਚ ਮਾਰੇ ਗਏ ਕਰੋੜਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉੱਘੇ ਪ੍ਰਗਤੀਵਾਦੀ ਲੇਖਕ ਅਤੇ ਲੋਕ ਘੋਲਾਂ ਦੇ ਮਿਸਾਲੀ ਯੋਧੇ ਸਾਥੀ ਹਰਭਜਨ ਸਿੰਘ ਹੁੰਦਲ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਕਨਵੈਨਸ਼ਨ ਉਪਰੰਤ ਦੇਸ਼ ਭਗਤ ਯਾਦਗਾਰ ਤੋਂ ਲੈ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਚੌਂਕ ਤੱਕ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ।
ਭਗਵੰਤ ਮਾਨ ਅਤੇ ਮੋਦੀ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਬੇਲੋੜੇ ਜਜ਼ਬਾਤੀ ਮੁੱਦੇ ਉਛਾਲ ਕੇ ਡੰਗ-ਟਪਾਈ ਕਰ ਰਹੇ ਹਨ: ਪਾਸਲਾ

Leave a comment
Leave a comment