ਹੋਲੇ-ਮਹੱਲੇ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਕਰਵਾਏ ਸਰਕਾਰ: ਨਿਹੰਗ ਮੁਖੀ
ਸ੍ਰੀ ਆਨੰਦਪੁਰ ਸਾਹਿਬ : ਆਪਣਾ ਪੰਜਾਬ ਮੀਡੀਆ : ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਅੱਜ ਇੱਥੇ ਇਤਹਾਸਕ ਚਰਨ ਗੰਗਾ ਸਟੇਡੀਅਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਤੇ ਸ਼ਹਿਰ ਦੀ ਸਾਫ-ਸਫਾਈ ਦੀ ਵਿਵਸਥਾ ਨੂੰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਹਿਲ ਦੇ ਅਧਾਰ ’ਤੇ ਠੀਕ ਕਰੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਇਤਹਾਸਿਕ ਸਟੇਡੀਅਮ ਦਾ ਕੰਮ ਵੀ ਅੱਧਾ ਅਧੂਰਾ ਹੈ, ਜਿਸ ਕਰ ਕੇ ਹਰ ਸਾਲ ਘੋੜ ਦੌੜ ਦੇਖਣ ਆਉਂਦੇ ਸ਼ਰਧਾਲੂਆਂ ’ਚੋ ਕੋਈ ਨਾ ਕੋਈ ਫੱਟੜ ਹੋ ਜਾਂਦਾ ਹੈ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਟੇਡੀਅਮ ਦੇ ਰਹਿੰਦੇ ਕਾਰਜ ਵੀ ਜਲਦ ਪੂਰੇ ਕਰਵਾਏ ਜਾਣ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮਾਝਾ ਖੇਤਰ ਨੂੰ ਸ੍ਰੀ ਆਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਦਾ ਕਾਰਜਕਾਰ ਸੇਵਾ ਕਿਲ੍ਹਾ ਅਨੰਦਗੜ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਵੱਲੋਂ ਬੇਸ਼ੱਕ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਇਹ ਕੰਮ ਸਰਕਾਰ ਦੇ ਕਰਨ ਵਾਲਾ ਹੈ ਇਸ ਲਈ ਸਰਕਾਰ ਆਪਣੇ ਪੱਧਰ ’ਤੇ ਇਸ ਨੇਪਰੇ ਚੜ੍ਹਾਏ। ਉਨ੍ਹਾਂ ਜਾਣਕਾਰੀ ਦਿੱਤੀ ਕੇ 24 ਮਾਰਚ ਨੂੰ ਵੱਖ-ਵੱਖ ਗੁਰੂ ਘਰਾਂ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਤੇ 26 ਮਾਰਚ ਨੂੰ ਪਾਠ ਦੇ ਭੋਗ ਪਾਉਣ ਉਪਰੰਤ ਬੁੱਢਾ ਦਲ ਦੇ ਜਥੇਦਾਰ ਦੀ ਅਗਵਾਈ ’ਚ ਮਹੱਲਾ ਸਜਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਜਾਹੋ-ਜਲਾਲ ਨਾਲ ਖਾਲਸੇ ਦੇ ਕੌਮੀ ਤਿਉਹਾਰ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ।