ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮੰਗੇ ਗਏ ਸਪੱਸ਼ਟੀਕਰਨ ਦੇ ਮਾਮਲੇ ਵਿੱਚ ਹੁਣ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਇਸ ਮਾਮਲੇ ਵਿੱਚ ਅਗਲੇ ਘਟਨਾਕ੍ਰਮ ’ਤੇ ਟਿਕੀਆਂ ਹੋਈਆਂ ਹਨ। ਪਹਿਲੀ ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਾਲ ਤਖ਼ਤ ਨੂੰ ਇੱਕ ਪੱਤਰ ਦੇ ਕੇ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਖਿਮਾ ਯਾਚਨਾ ਕੀਤੀ ਗਈ ਸੀ। ਇਸ ਪੱਤਰ ’ਤੇ ਕਾਰਵਾਈ ਕਰਦਿਆਂ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ। ਇਸ ਦੌਰਾਨ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਸਬੰਧੀ ਮਾਮਲੇ ’ਚ ਫੈਸਲੇ ਦੀ ਪਰੋੜ੍ਹਤਾ ਲਈ 90 ਲੱਖ ਰੁਪਏ ਦੇ ਇਸ ਤਿਹਾਰ ਦੇਣ ਸਬੰਧੀ ਸ਼੍ਰੋਮਣੀ ਕਮੇਟੀ ਕੋਲੋਂ ਵੀ ਜਵਾਬ ਮੰਗਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਵਾਂ ਵੱਲੋਂ ਹੀ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਪੇਸ਼ ਹੋਣਗੇ। ਪਾਰਟੀ ਸੂਤਰਾਂ ਮੁਤਾਬਕ ਪਾਰਟੀ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਹ ਮੁੱਖ ਧਿਰ ਇਸ ਮਾਮਲੇ ਵਿੱਚ ਅਕਾਲ ਤਖ਼ਤ ਅੱਗੇ ਪੂਰਨ ਤੌਰ ’ਤੇ ਸਮਰਪਣ ਕਰਨ ਦੇ ਰੌਂਅ ਵਿੱਚ ਹੈ। ਦੂਜੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਅਕਾਲੀ ਸਰਕਾਰ ਵੇਲੇ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕਰ ਸਕਦਾ ਹੈ।