ਸਵੇਰੇ 7 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ ਵੋਟਾਂ, ਚੋਣਾਂ ਦੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਆਉਣ ਦੀ ਉਮੀਦ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ਦੀਆਂ ਪੰਜ ਨਗਰ ਨਿਗਮਾਂ, 44 ਮਿਉਂਸਿਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਸਵੇਰੇ 7 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ। ਚੋਣਾਂ ਦੇ ਨਤੀਜੇ ਵੀ ਉਸੇ ਦਿਨ ਆਉਣ ਦੀ ਉਮੀਦ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਤਰਜਮਾਨ ਨੇ ਕਿਹਾ ਕਿ ਨੇਮਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਤੇ ਹੋਰਨਾਂ ਵਰਕਰਾਂ ਨੂੰ ਵੋਟ ਪਾਉਣ ਵਾਸਤੇ ਇਨ੍ਹਾਂ ਨਿਗਮ ਚੋਣਾਂ ਲਈ ਵਿਸ਼ੇਸ਼ ਛੁੱਟੀ ਰਹੇਗੀ। ਇਸੇ ਤਰ੍ਹਾਂ ਉਨ੍ਹਾਂ ਸਾਰੇ ਸਕੂਲਾਂ ਵਿਚ ਭਲਕੇ ਛੁੱਟੀ ਰਹੇਗੀ, ਜਿਨ੍ਹਾਂ ਦੀਆਂ ਇਮਾਰਤਾਂ ਚੋਣ ਮੰਤਵਾਂ ਲਈ ਵਰਤੀਆਂ ਜਾਣਗੀਆਂ। ਭਲਕੇ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ‘ਡਰਾਈ ਡੇਅ’ ਐਲਾਨਿਆ ਗਿਆ ਹੈ। ਤਰਜਮਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਚੋਣ ਅਮਲਾ ਅੱਜ ਈਵੀਐੱਮਜ਼ ਤੇ ਹੋਰ ਸਾਮਾਨ ਲੈ ਕੇ ਸਬੰਧਤ ਪੋਲਿੰਗ ਸਟੇੇਸ਼ਨਾਂ ਲਈ ਰਵਾਨਾ ਹੋ ਗਿਆ ਹੈ। ਨਿਗਮ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।