ਸਕੂਲਾਂ ਵਿੱਚ ਸਾਫ਼ ਸੁਥਰਾ ਖਾਣਾ ਬਣਾਉਣ ਅਤੇ ਪਰੋਸਣ ਦੀਆਂ ਦਿੱਤੀਆਂ ਹਦਾਇਤਾਂ
ਨਵਾਂਸ਼ਹਿਰ : (ਵਿਪਨ ਕੁਮਾਰ) ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਅਤੇ ਖਟਕੜ ਕਲਾਂ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿਪੂਆਂ, ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਦੌਰਾ ਕਰਕੇ ਲਾਭਕਾਰੀ ਸਕੀਮਾਂ ਦਾ ਨਿਰੀਖਣ ਕੀਤਾ।
ਕਮਿਸ਼ਨ ਮੈਂਬਰ ਵਿਜੇ ਦੱਤ ਨੇ ਬਲਾਚੌਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਆਂਗਣਵਾੜੀ ਸੈਂਟਰ ਨੰਬਰ 5 ਅਤੇ ਖਟਕੜ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸ਼ਹੀਦ ਭਗਤ ਸਿੰਘ ਨਗਰ, ਸਰਕਾਰੀ ਹਾਈ ਸਕੂਲ, ਆਂਗਣਵਾੜੀ ਸੈਂਟਰ ਨੰ: 1 ਅਤੇ ਸਰਕਾਰੀ ਰਾਸ਼ਨ ਡਿਪੂ ਦੀ ਚੈਕਿੰਗ ਕੀਤੀ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਫੂਡ ਸਵਾਦ ਰਜਿਸਟਰ ਨੂੰ ਕਾਇਮ ਰੱਖਣ, ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਅਤੇ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਕਮਿਸ਼ਨ ਦੇ ਮੈਂਬਰ ਨੇ ਸਕੂਲੀ ਵਿਦਿਆਰਥੀਆਂ ਨਾਲ ਮਿਡ-ਡੇ-ਮੀਲ ਬਾਰੇ ਗੱਲਬਾਤ ਕੀਤੀ ਅਤੇ ਬੱਚਿਆਂ ਨਾਲ ਮਿਡ-ਡੇ-ਮੀਲ ਖੁਦ ਵੀ ਖਾਣਾ ਖਾਧਾ। ਕਮਿਸ਼ਨ ਮੈਂਬਰ ਵੱਲੋਂ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦਾ ਟੀ.ਡੀ.ਐਸ ਵੀ ਚੈੱਕ ਕੀਤਾ ਗਿਆ। ਮੈਂਬਰ ਵੱਲੋਂ ਹਦਾਇਤ ਕੀਤੀ ਗਈ ਕਿ ਸਕੂਲ ਵਿੱਚ ਟੀ.ਡੀ.ਐਸ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਸਮੇਂ-ਸਮੇਂ ’ਤੇ ਸਬੰਧਤ ਵਿਭਾਗ ਵੱਲੋਂ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਕਮਿਸ਼ਨ ਨੇ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਮਿਡ ਡੇ ਮੀਲ ਵਰਕਰਾਂ ਦਾ ਮੈਡੀਕਲ ਚੈਕਅੱਪ ਕਰਨ ਦੇ ਵੀ ਨਿਰਦੇਸ਼ ਦਿੱਤੇ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਕਰਦਿਆਂ ਇੰਚਾਰਜਾਂ ਅਤੇ ਹੈਲਪਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਨਵੀਨਤਮ ਸਕੀਮਾਂ ਬਾਰੇ ਜਾਣਕਾਰੀ ਦੇਣ।
ਦੌਰੇ ਦੌਰਾਨ ਕਮਿਸ਼ਨ ਮੈਂਬਰ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਸਰਕਾਰੀ ਰਾਸ਼ਨ ਡਿਪੂਆਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀਆਂ ਸਕੀਮਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਮਿਸ਼ਨ ਦੇ ਹੈਲਪ ਲਾਈਨ ਨੰਬਰ 9876764545 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਵਿਜੇ ਦੱਤ ਨੇ ਸਾਰੇ ਰਾਸ਼ਨ ਡਿਪੂਆਂ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਆਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਫਿਰ ਵੀ ਡਿਪੂ ਹੋਲਡਰਾਂ ਵੱਲੋਂ ਲਾਭਪਾਤਰੀਆਂ ਨੂੰ ਕਈ ਦਿਨ ਪਹਿਲਾਂ ਪਰਚੀ ਕੱਟਣ ਲਈ ਬੁਲਾਉਣ ਅਤੇ ਬਾਅਦ ਵਿੱਚ ਦੁਬਾਰਾ ਕਣਕ ਦੀ ਚੁਕਾਈ ਲਈ ਬੁਲਾਉਣ ‘ਤੇ ਇਤਰਾਜ਼ ਪ੍ਰਗਟਾਇਆ। ਵਿਜੇ ਦੱਤ ਨੇ ਕਿਹਾ ਕਿ ਇੱਕ ਗਰੀਬ ਵਿਅਕਤੀ ਦਿਹਾੜੀਦਾਰ ਮਜ਼ਦੂਰ ਦਾ ਕੰਮ ਕਰਦਾ ਹੈ, ਉਸ ਨੂੰ ਵਾਰ-ਵਾਰ ਫੋਨ ਕਰਨਾ ਠੀਕ ਨਹੀਂ, ਇਸ ਲਈ ਲਾਭਪਾਤਰੀ ਨੂੰ ਇੱਕ ਵਾਰ ਹੀ ਬੁਲਾਇਆ ਜਾਵੇ, ਉਸ ਦੀ ਪਰਚੀ ਕੱਟ ਕੇ ਤੁਰੰਤ ਕਣਕ ਦਿੱਤੀ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਹਦਾਇਤਾਂ ਜਾਰੀ ਕੀਤੀਆਂ ਕਿ ਜਿਨ੍ਹਾਂ ਬਜ਼ੁਰਗਾਂ ਦੇ ਅੰਗੂਠੇ ਬਾਇਓਮੀਟ੍ਰਿਕ ਮਸ਼ੀਨ ਵਿੱਚ ਕੰਮ ਨਹੀਂ ਕਰਦੇ ਅਤੇ ਉਨ੍ਹਾਂ ਦਾ ਲਾਭ ਲੈਣ ਦੇ ਯੋਗ ਨਹੀਂ ਸਨ, ਉਹ ਹੁਣ ਬਾਇਓਮੀਟ੍ਰਿਕ ਮਸ਼ੀਨ ਨਾਲ ਆਉਣ ਵਾਲੇ ਆਈ ਸਕੈਨਰ ਰਾਹੀਂ ਲਾਭ ਲੈ ਸਕਦੇ ਹਨ।