ਮਾਨਸਾ : ਆਪਣਾ ਪੰਜਾਬ ਮੀਡੀਆ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਇਹ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਈ ਸੀ। ਇਸ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਹਾਈ ਕੋਰਟ ਨੂੰ ਜਾਂਚ ਦੀ ਸ਼ੁਰੂਆਤੀ ਰਿਪੋਰਟ ਸੀਲਬੰਦ ਲਿਫਾਫੇ ‘ਚ ਸੌਂਪੀ ਗਈ ਹੈ। ਜਿਸ ’ਤੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ। ਬਲਕੌਰ ਸਿੰਘ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ੍ਹ ਹੈ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਹੁਦੇ ’ਤੇ ਬੈਠੇ ਬੰਦੇ ਝੂਠ ਬੋਲਦੇ ਰਹੇ ਹਨ। ਇੱਕ ਗੈਂਗਸਟਰ ਦੇ ਪਾਪਾਂ ’ਤੇ ਪੰਜਾਬ ਸਰਕਾਰ ਪਰਦਾ ਪਾ ਰਹੀ ਹੈ। ਪਰ ਹੁਣ ਸਰਕਾਰ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ।ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਕਿਹਾ ਕਿ ਹੁਣ ਉਹ ਬਿਸ਼ਨੋਈ ਦੀ ਇੰਟਰਵਿਊ ਨੂੰ ਹਾਈਕੋਰਟ ਦੇ ਅੱਗੇ ਪੇਸ਼ ਕਰੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦੋਸ਼ੀ ਵੱਲੋਂ ਕੀਤੇ ਆਪਣੇ ਇੰਟਰਵਿਊ ’ਚ ਕੀਤੇ ਗੁਨਾਹ ਦੇ ਕਬੂਲਨਾਮੇ ਨੂੰ ਲੁਕਾ ਰਹੀ ਹੈ। ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ ਕਿ ਸੱਚ ਲੁਕਾਉਣ ਦੇ ਪਿੱਛੇ ਸਰਕਾਰ ਦੀ ਕੀ ਮਜ਼ਬੂਰੀ ਹੈ।
ਦੱਸ ਦਈਏ ਕਿ ਬੀਤੇ ਦਿਨ ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੀਲਬੰਦ ਰਿਪੋਰਟ ’ਚ ਇੰਟਰਵਿੂਊ ਬਾਰੇ ਖੁਲਾਸਾ ਕੀਤਾ ਹੈ। ਪਿਛਲੇ ਸਾਲ ਹੀ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦਾ ਨੋਟਿਸ ਲਿਆ ਸੀ ਅਤੇ ਡੀਜੀਪੀ ਪ੍ਰਬੋਧ ਕੁਮਾਰ ਅਤੇ ਏਆਈਜੀ ਡਾਕਟਰ ਐਸ ਰਾਹੁਲ ਅਤੇ ਨੀਲਾਂਬਰੀ ਜਗਦਾਲੇ ਦੀ ਐੱਸਆਈਟੀ ਬਣਾ ਕੇ ਜਾਂਚ ਦੇ ਹੁਕਮ ਦਿੱਤੇ ਸਨ। ਖੈਰ ਐਸਆਈਟੀ ਨੇ ਅਗਲੀ ਜਾਂਚ ਪੂਰੀ ਕਰਨ ਲਈ ਹਾਈ ਕੋਰਟ ਤੋਂ ਕੁਝ ਹੋਰ ਸਮਾਂ ਮੰਗਿਆ ਹੈ।
ਪੰਜਾਬ ਦੀ ਹੱਦ ਅੰਦਰ ਹੀ ਬਿਸ਼ਨੋਈ ਦੇ ਇੰਟਰਵਿਊ ਦੇ ਖੁਲਾਸੇ ਪਿੱਛੋਂ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ, ਕਿਹਾ- ਗੈਂਗਸਟਰ ਦੇ ਪਾਪਾਂ ’ਤੇ ਪਰਦਾ ਪਾ ਰਹੀ ਪੰਜਾਬ ਸਰਕਾਰ
Leave a comment