ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਪਿੰਡ ਬਜੀਦਪੁਰ ਵਿਚ ਬੂਟੇ ਲਗਾ ਕੇ ਦਿੱਤਾ ਕੁਦਰਤ ਦੀ ਸੰਭਾਲ ਦਾ ਸੰਦੇਸ਼
ਨਵਾਂਸ਼ਹਿਰ : (ਵਿਪਨ ਕੁਮਾਰ) : ਵਿਸ਼ਵ ਕੁਦਰਤ ਸੰਭਾਲ ਦਿਵਸ ਦੇ ਮੌਕੇ ‘ਤੇ ਐਸ ਕੇ ਟੀ ਪਲਾਂਟੇਸ਼ਨ ਟੀਮ ਵੱਲੋਂ ਪਿੰਡ ਬਜੀਦਪੁਰ ਵਿਖੇ ਨਿੰਮ , ਜਾਮੁਨ , ਹੈਬੀਕਸ , ਪਿੱਪਲ , ਬੋਹੜ , ਸੁਹੰਜਣਾ ਅਤੇ ਅਰਜਨ ਦੇ ਬੂਟੇ ਲਗਾਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਐਸ ਕੇ ਟੀ ਪਲਟੇਸ਼ਨ ਟੀਮ ਦੇ ਨਾਲ ਕਰਮਯੋਗੀ ਫਾਊਂਡੇਸ਼ਨ ਦੇ ਨੌਜਵਾਨਾਂ ਨੇ ਵੀ 40 ਬੂਟੇ ਲਗਾ ਕੇ ਕੁਦਰਤ ਦੀ ਸੰਭਾਲ ਦਾ ਸੰਦੇਸ਼ ਦਿੱਤਾ।
ਟੀਮ ਦੇ ਸੰਸਥਾਪਕ ਅਤੇ ਵਾਤਾਵਰਣ ਪ੍ਰੇਮੀ ਅੰਕੁਸ਼ ਨਿਜ਼ਾਵਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰਾਚੀਨ ਕਾਲ ਤੋਂ ਵੀ ਮਾਨਵਤਾ ਦਾ ਕੁਦਰਤ ਨਾਲ ਗਹਿਰਾ ਸਬੰਧ ਰਿਹਾ ਹੈ। ਅੱਜ ਦੇ ਸਮੇਂ ਵਿੱਚ ਇੰਡਸਟ੍ਰੀਅਲ ਰੇਵਲੁਸ਼ਨ ਦੇ ਬਾਅਦ ਤੋਂ ਵਾਤਾਵਰਣ ਪ੍ਰਦੂਸ਼ਣ ਅਤੇ ਸੰਸਾਧਨਾਂ ਦੇ ਦੋਹਨ ਨੇ ਕੁਦਰਤ ਦਾ ਕਾਫੀ ਨੁਕਸਾਨ ਕੀਤਾ ਹੈ। ਅੱਜ ਦੇ ਸਮੇਂ ਵਿੱਚ ਵਧਦੀ ਗਲੋਬਲ ਵਾਰਮਿੰਗ, ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਨੂੰ ਵੀ ਇਸ ਬਾਰੇ ਸਮਝਣਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਕੁਦਰਤ ਦੀ ਸੰਭਾਲ ਕਰੀਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ, ਸਾਨੂੰ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ, ਰੁੱਖਾਂ ਨੂੰ ਨਹੀਂ ਕੱਟਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਵੀ ਕੁਦਰਤ ਦੀ ਸੁਰੱਖਿਆ ਲਈ ਹੋਰ ਕਈ ਤਰੀਕੇ ਹਨ।
ਗੁਰਪ੍ਰੀਤ ਸਿੰਘ ਅਤੇ ਕੁਲਜੀਤ ਸਿੰਘ ਨੇ ਕਿਹਾ ਕਿ ਐਸ ਕੇ ਟੀ ਪਲਾਂਟੇਸ਼ਨ ਟੀਮ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੁਦਰਤ ਦੀ ਸੰਭਾਲ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ।ਓਹਨਾਂ ਕਿਹਾ ਕਿ ਸਾਡੇ ਵੱਲੋਂ ਅੱਜ ਲਗਾਏ ਗਏ ਬੂਟੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਹਨ |
ਇਸ ਮੌਕੇ ਆਸਾ ਸਿੰਘ, ਹਰਸਾਹਿਬ ਸਿੰਘ ਅਤੇ ਨਵਜੋਤ ਸਿੰਘ ਮੋਜੂਦ ਰਹੇ।