ਮੂਨਕ/ਸੰਗਰੂਰ, 10 ਜੁਲਾਈ, 2024(ਦਲਜੀਤ ਕੌਰ ): ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਬਿਆਨ ਜਾਰੀ ਕਰਕੇ ਯੂਨੀਵਰਸਿਟੀ ਕਾਲਜ ਮੂਨਕ ਚ ਚਲਦੇ ਪੀਜੀਡੀਸੀਏ ਦੇ ਕੋਰਸ ਨੂੰ ਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਤੇ ਕੋਰਸ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਤੇ ਲਸ਼ਮਣ ਬਖਸ਼ੀਵਾਲਾ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਮੂਨਕ ਚ ਪਿਛਲੇ ਕਈ ਸਾਲਾਂ ਤੋਂ ਪੀਜੀਡੀਸੀਏ ਦਾ ਕੋਰਸ ਸਫਲਤਾ ਪੂਰਵਕ ਚੱਲ ਰਿਹਾ ਹੈ ਪਰੰਤੂ ਇਸ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਠੋਸ ਕਾਰਨ ਤੋਂ ਪੀਜੀਡੀਸੀਏ ਦਾ ਕੋਰਸ ਬੰਦ ਕਰਨ ਦਾ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ।
ਉਹਨਾਂ ਕਿਹਾ ਕਿ ਪੀਜੀਡੀਸੀਏ ਇੱਕ ਸਾਲ ਦਾ ਕੋਰਸ ਹੈ ਜਿਸ ਦੀ ਫੀਸ 26000 ਦੇ ਕਰੀਬ ਹੈ ਸੈਸ਼ਨ 2022- 23 ਦੌਰਾਨ ਕਾਲਜ ‘ਚ ਕੋਰਸ ਚ 44 ਵਿਦਿਆਰਥੀ ਪੜ੍ਹਦੇ ਸਨ ਤੇ ਸੈਸ਼ਨ 2023- 24 ਦੌਰਾਨ ਵਿਦਿਆਰਥੀਆਂ ਦੀ ਗਿਣਤੀ 57 ਸੀ ਇਹਨਾਂ ਵਿਦਿਆਰਥੀਆਂ ਨੂੰ ਪੜਾਉਣ ਲਈ ਕਾਲਜ ਚ 4 ਅਧਿਆਪਕ ਵੀ ਮੌਜੂਦ ਹਨ। ਇਸ ਫੈਸਲੇ ਨਾਲ ਇਹਨਾਂ ਅਧਿਆਪਕਾਂ ਦਾ ਭਵਿੱਖ ਵੀ ਖਤਰੇ ਚ ਹੈ।
ਉਹਨਾਂ ਕਿਹਾ ਕਿ ਕਾਲਜਾਂ ਦੇ ਵਿੱਚ ਕਿਸੇ ਕੋਰਸ ਨੂੰ ਚਲਾਉਣ ਜਾਂ ਬੰਦ ਕਰਨ ਲਈ ਇੱਕ ਬਕਾਇਦਾ ਮਾਪਦੰਡ ਬਣਨਾ ਚਾਹੀਦਾ ਹੈ। ਪ੍ਰੰਤੂ ਪੰਜਾਬੀ ਯੂਨੀਵਰਸਿਟੀ ਬਿਨਾਂ ਕਿਸੇ ਮਾਪਦੰਡ ਤੋਂ ਕਾਲਜਾਂ ਚ ਕੋਰਸ ਚਲਾਉਣ ਤੇ ਬੰਦ ਕਰਨ ਦੇ ਤਾਨਾਸ਼ਾਹੀ ਫਰਮਾਨ ਜਾਰੀ ਕਰਦੀ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਮੂਨਕ ਕਾਲਜ ਚ ਬੰਦ ਕੀਤਾ ਪੀਜੀਡੀਸੀਏ ਦਾ ਕੋਰਸ ਮੁੜ ਸ਼ੁਰੂ ਕੀਤਾ ਜਾਵੇ। ਜੇਕਰ ਕੋਰਸ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ।