ਪਟਿਆਲਾ: ਆਪਣਾ ਪੰਜਾਬ ਮੀਡੀਆ: ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਬਣਾਏ ਗਏ ‘ਆਪ’ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਝਾੜਵਾਂ ਨੇ ਅੱਜ ਇੱਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਰਣਯੋਧ ਸਿੰਘ ਹਡਾਣਾ ਦੀ ਅਗਵਾਈ ਹੇਠਾਂ ਹੇਏ ਸਮਾਗਮ ਦੌਰਾਨ ਪਟਿਆਲਾ ਜ਼ਿਲ੍ਹੇ ਵਿਚਲੇ ਦੋਵੇਂ ਮੰਤਰੀ ਡਾ. ਬਲਵੀਰ ਸਿੰਘ ਅਤੇ ਚੇਤਨ ਸਿੰਘ ਜੌੜਾਮਾਜਰਾ ਸਮੇਤ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ, ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਵੀ ਪੁੱਜੇ ਹੋਏ ਸਨ। ਇਨ੍ਹਾਂ ਆਗੂਆਂ ਨੇ ਜਿਥੇ ਝਾੜਵਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਸਰਕਾਰ ਦਾ ਧੰਨਵਾਦ ਕੀਤਾ, ਉਥੇ ਹੀ ਬਲਵਿੰਦਰ ਸਿੰਘ ਝਾੜਵਾਂ ਨੂੰ ਵਧਾਈ ਵੀ ਦਿਤੀ। ਤਰਕ ਸੀ ਕਿ ਇਸ ਸਰਕਾਰ ਦੌਰਾਨ ਸਮਾਂ ਆਉਣ ’ਤੇ ਹਰੇਕ ਨੂੰ ਬਣਦਾ ਸਤਿਕਾਰ ਮਿਲਦਾ ਹੈ। ਬਲਵਿੰਦਰ ਝਾੜਵਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਪਾਰਟੀ ਹਾਈਕਮਾਨ ਤੇ ਸਰਕਾਰ ਦਾ ਵੀ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਆਪਣੀ ਇਹ ਨਵੀਂ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਅਹਿਦ ਵੀ ਲਿਆ।