ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਵਾਰ ਹੈਪੇਟਾਈਟਸ ਬੀ ਅਤੇ ਸੀ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦੈ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ
- ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਨੂੰ ਜ਼ਿਲ੍ਹੇ ਵਿਚ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਾਵੇ
- ਹੈਪੇਟਾਈਟਸ ਬੀ ਅਤੇ ਸੀ ਦੀ ਸਕਰੀਨਿੰਗ ਦੇ ਨਿਰਧਾਰਿਤ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾਵੇ
ਨਵਾਂਸ਼ਹਿਰ : ਵਿਪਨ ਕੁਮਾਰ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ੁੱਕਰਵਾਰ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਦੇ ਸੰਦਰਭ ਵਿਚ ਜ਼ਿਲ੍ਹੇ ਦੇ ਸਮੂਹ ਮਲਟੀਪਰਪਜ ਹੈਲਥ ਸੁਪਰਵਾਈਜਸ (ਮੇਲ) ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਹੈਪੇਟਾਈਟਸ ਪ੍ਰਤੀ ਆਮ ਲੋਕਾਂ ਵਿਚ “ਜਾਗਰੂਕਤਾ ਵਧਾਉਣ, ਸਕਰੀਨਿੰਗ ਕਰਨ ਤੇ ਇਲਾਜ ਪ੍ਰਬੰਧਨ” ਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਨੂੰ ਜ਼ਿਲ੍ਹੇ ਵਿਚ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦੇਣ ਲਈ ਕਿਹਾ।
ਡਾ. ਜਸਪ੍ਰੀਤ ਕੌਰ ਨੇ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਹੈਪੇਟਾਈਟਸ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ 15 ਦਿਨਾ “ਜਾਗਰੂਕਤਾ ਵਧਾਉਣ, ਸਕਰੀਨਿੰਗ ਕਰਨ ਤੇ ਇਲਾਜ ਪ੍ਰਬੰਧਨ” ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿਚ ਹੈਪੇਟਾਈਟਸ ਪ੍ਰਤੀ ਆਮ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਅਤੇ ਇਸ ਦੇ ਨਾਲ ਹੀ ਉੱਚ ਜ਼ੋਖਮ ਵਾਲੇ ਵਿਅਕਤੀਆਂ ਨੂੰ ਸਕਰੀਨਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਜਿਨ੍ਹਾਂ ਮਰੀਜ਼ਾਂ ਦਾ ਵਾਇਰਲ ਲੋਡ ਪਾਜੇਟਿਵ ਹੈ, ਉਨ੍ਹਾਂ ਨੂੰ ਇਲਾਜ ’ਤੇ ਲਾਇਆ ਜਾਵੇ ਅਤੇ ਜਿਨ੍ਹਾਂ ਮਰੀਜ਼ਾਂ ਨੇ ਇਲਾਜ ਲਈ ਰਿਪੋਰਟ ਨਹੀਂ ਕੀਤਾ ਹੈ, ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਇਲਾਜ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਅਤੇ ਸੀ ਦੀ ਸਕਰੀਨਿੰਗ ਦੇ ਨਿਰਧਾਰਿਤ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹੈਪੇਟਾਈਟਸ ਬੀ ਅਤੇ ਸੀ ਦੀਆਂ ਦਵਾਈਆਂ ਅਤੇ ਕਿੱੱਟਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ ਅਤੇ ਸੀ ਦਾ ਟੈਸਟ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਵਾਰ, ਹਰ ਗਰਭਵਤੀ ਔਰਤ ਨੂੰ ਗਰਭ ਅਵਸਥਾ ਦੌਰਾਨ, ਉੱਚ ਜੋਖਮ ਵਾਲੇ ਵਿਅਕਤੀਆਂ ਨੂੰ ਨਿਯਮਤ ਤੌਰ ਤੇ ਕਰਵਾਉਣਾ ਚਾਹੀਦਾ ਹੈ। ਹੈਪੇਟਾਈਟਸ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਨਵਜੰਮੇ ਬੱਚੇ ਨੂੰ ਹੈਪੇਟਾਈਟਸ-ਬੀ ਦੀ ਜਨਮ ਖੁਰਾਕ ਦੇਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਆਪਣੇ ਬੱਚੇ ਨੂੰ ਹੈਪੇਟਾਈਟਸ-ਬੀ ਦਾ ਟੀਕਾ ਜ਼ਰੂਰ ਲਗਵਾਓ। ਇਸ ਤੋਂ ਇਲਾਵਾ ਐਮਰਜੈਂਸੀ ਵਿਚ ਖੂਨ ਦੀ ਲੋੜ ਪੈਣ ‘ਤੇ ਖੂਨ ਅਤੇ ਖੂਨ ਦੇ ਉਤਪਾਦ ਲਾਈਸੰਸਸ਼ੁਦਾ ਬਲੱਡ ਬੈਂਕ ਤੋਂ ਪ੍ਰਾਪਤ ਕੀਤੇ ਜਾਣ। ਵਰਤੀਆਂ ਹੋਈਆਂ ਸੂਈਆਂ, ਬਲੇਡ, ਰੇਜ਼ਰ, ਸਰਿੰਜਾਂ ਆਦਿ ਨੂੰ ਕਦੇ ਸਾਂਝਾ ਨਾ ਕਰੋ। ਸੁਰੱਖਿਅਤ ਸੰਭੋਗ ਵਿਵਹਾਰ ਨੂੰ ਅਪਣਾਉਣਾ ਜ਼ਰੂਰੀ ਹੈ।
ਹੈਪੇਟਾਈਟਸ ਦਾ ਟੈਸਟ ਅਤੇ ਇਲਾਜ ਪੰਜਾਬ ਦੇ 23 ਜ਼ਿਲ੍ਹਾ ਹਸਪਤਾਲਾਂ, 41 ਸਬ-ਡਵੀਜਨਲ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿਖੇ ਮੁਫਤ ਉਪਲੱਬਧ ਹਨ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਨੋਡਲ ਅਫਸਰ ਸ਼ਿਆਮਬੇਦਾ ਦੇਵੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਸ਼ਰਮਾ ਸਮੇਤ ਜ਼ਿਲ੍ਹੇ ਦੇ ਸਮੂਹ ਮਲਟੀਪਰਪਜ ਹੈਲਥ ਸੁਪਰਵਾਈਜਰ ਮੌਜੂਦ ਸਨ।