ਸੰਗਰੂਰ : ਦਲਜੀਤ ਕੌਰ : ਸਥਾਨਕ ਅਫ਼ਸਰ ਕਲੋਨੀ ਪਾਰਕ ਵਿਖੇ ਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਖੇਡਾਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਕਲੋਨੀ ਦੇ ਬਚਿਆਂ ਨੂੰ ਸਨਮਾਨਿਤ ਕੀਤਾ ਗਿਆ। ਮਾਸਟਰ ਪਰਮਵੇਦ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਜ਼ਿਲਾ ਖੇਡ ਅਫ਼ਸਰ ਨਵਦੀਪ ਸਿੰਘ ਔਜਲਾ ਸਨ ਤੇ ਉਨ੍ਹਾਂ ਨਾਲ ਸੁਪਰਡੈਂਟ ਰਾਜਵੀਰ ਸਿੰਘ ਜੀ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਡਰ, ਪ੍ਰਿੰਸੀਪਲ ਪਰਵੀਨ ਮਨਚੰਦਾ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਮਾਸਟਰ ਪਰਮਵੇਦ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਖੇਡਾਂ ਵਿੱਚ ਘੱਟੋ ਘਟ ਜ਼ਿਲਾ ਪੱਧਰ ‘ਤੇ ਪ੍ਰਾਪਤੀ ਕੀਤੀ ਹੈ ਅਤੇ ਪੜ੍ਹਾਈ ਵਿੱਚ ਜਿਸਨੇ ਆਪਣੀ ਜਮਾਤ ਵਿੱਚੋਂ ਪਹਿਲਾ ਜਾਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਪਾਰਕ ਦੀ ਡਿਵੈਲਪਮੈਂਟ ਵਿੱਚ ਕਲੋਨੀ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਅੱਗੇ ਤੋਂ ਇਸੇ ਤਰ੍ਹਾਂ ਸਹਿਯੋਗ ਦੀ ਆਸ ਪ੍ਰਗਟਾਈ।
ਇਸ ਮੌਕੇ ਮੁੱਖ ਮਹਿਮਾਨ ਨਵਦੀਪ ਸਿੰਘ ਔਜਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਪੜ੍ਹਾਈ ਵਿੱਚ ਮਹਾਰਤ ਤੇ ਸਿਹਤਮੰਦ ਸਰੀਰ ਵਾਲੇ ਬੱਚੇ ਜ਼ਿਕਰਯੋਗ ਪ੍ਰਾਪਤੀਆਂ ਕਰਦੇ ਹਨ। ਉਨ੍ਹਾਂ ਮੋਬਾਈਲ ‘ਤੇ ਗੇਮਾਂ ਆਦਿ ਨਾ ਖੇਡਣ ਲਈ ਕਹਿੰਦਿਆਂ ਸਮੇਂ ਦਾ ਸਦਾ ਸਦਉਪਯੋਗ ਕਰਨ ਦਾ ਸੱਦਾ ਦਿੱਤਾ। ਸੁਰਿੰਦਰ ਸਿੰਘ ਭਿੰਡਰ, ਵੈਲਫੇਅਰ ਸੁਸਾਇਟੀ ਦੇ ਵਿਤ ਮੁਖੀ ਕ੍ਰਿਸ਼ਨ ਸਿੰਘ ਤੇ ਅਮ੍ਰਿਤਪਾਲ ਕੌਰ ਚਹਿਲ ਨੇ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ, ਉਨ੍ਹਾਂ ਵਾਧੂ ਸਮੇਂ ਵਿੱਚ ਓਪਨ ਜਿੰਮ ਤੇ ਕਸਰਤ ਕਰਨ ਲਈ ਵੀ ਆਖਿਆ। ਅਮ੍ਰਿਤ ਪਾਲ ਚਹਿਲ ਨੇ ਕਿਹਾ ਕਿ ਸਾਨੂੰ ਤੀਆਂ ਆਦਿ ਮਨਾਉਣ ਲਈ ਪਾਰਕ ਦੀ ਸੁਵਿਧਾ ਮਿਲ ਗਈ ਹੈ, ਇਸ ਲਈ ਉਨ੍ਹਾਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਮਗਰੋਂ ਬੰਗਲੌਰ ਵਿਖੇ ਹੋਈਆ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਸਕੇਟਿੰਗ ਹਾਕੀ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਗੁਰਸ਼ੇਰ ਸਿੰਘ ਰਾਓ ਜਿਸ ਦੀ ਤਿਆਰੀ ਅੱਜ ਦੇ ਮੁੱਖ ਮਹਿਮਾਨ ਨੇ ਖੁਦ ਕਰਵਾਈ ਸੀ, ਦਾ ਮੈਡਲ ਤੇ ਪੜ੍ਹਨ ਸਮੱਗਰੀ ਨਾਲ ਸਨਮਾਨ ਹੋਇਆ। ਜ਼ਿਕਰਯੋਗ ਹੈ ਕਿ ਗੁਰਸ਼ੇਰ ਸਿੰਘ ਰਾਓ ਇੰਟਰਨੈਸ਼ਨਲ ਸਕੇਟਿੰਗ ਹਾਕੀ ਖੇਡ ਵਿੱਚ ਚੁਣਿਆ ਗਿਆ ਹੈ ਤੇ ਸਤੰਬਰ ਵਿਚ ਚਾਈਨਾ ਖੇਡਣ ਜਾ ਰਿਹਾ ਹੈ। ਸਕੇਟਿੰਗ ਹਾਕੀ ਵਿੱਚ ਇੰਟਰ ਡਿਸਟ੍ਰਿਕਟ ਓਪਨ ਨੈਸ਼ਨਲ ਵਿਚ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੀ ਜਪਨਜੋਤ ਕੌਰ ਰਾਓ ਤੇ ਨਿਸ਼ਾਨੇਬਾਜ਼ੀ ਵਿੱਚ ਜ਼ਿਲ੍ਹੇ ਵਿੱਚ ਮੱਲਾਂ ਮਾਰਨ ਵਾਲੇ ਤੇ ਨੈਸ਼ਨਲ ਕੁਆਲੀਫਾਈ ਕਰਨ ਵਾਲੇ ਕਿਰਤ ਸੈਣੀ ਤੇ ਪੰਜਾਬ ਰੋਲਰ ਸਕੇਟਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਭਵਨੂਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੜ੍ਹਾਈ ਵਿੱਚ ਆਪਣੀ ਜਮਾਤ ਵਿੱਚ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਨ ਬੱਚਿਆਂ ਕਸ਼ਿਸ਼ ਬਾਂਸਲ, ਅਰਨਵ, ਕਨਨ ਬਾਂਸਲ, ਹਿਮਾਨੀ, ਅੱਵਲ ਨੂਰ ਤੇ ਬੱਚੀ ਵੰਸ਼ਕਾ ਸਮੇਤ ਸਾਰੇ ਬੱਚਿਆਂ ਨੂੰ ਮੈਡਲਾਂ ਤੇ ਪੜ੍ਹਨ ਸਮੱਗਰੀ ਨਾਲ ਮੁੱਖ ਮਹਿਮਾਨ ਨਵਦੀਪ ਸਿੰਘ, ਸੁਪਰਡੈਂਟ ਰਾਜਵੀਰ ਸਿੰਘ, ਸੁਰਿੰਦਰ ਸਿੰਘ ਭਿੰਡਰ, ਕ੍ਰਿਸਨ ਸਿੰਘ, ਰਣਦੀਪ ਸਿੰਘ ਰਾਓ, ਇੰਦਰਜੀਤ ਸਿੰਘ ਰਾਓ, ਗੁਰਤੇਜ ਸਿੰਘ ਚਹਿਲ, ਹਰਬੰਸ ਲਾਲ ਜਿੰਦਲ, ਨਾਜ਼ਰ ਸਿੰਘ, ਰਜੇਸ਼ ਕੁਮਾਰ, ਸੰਦੀਪ ਭੂਲਣ, ਸੁਭਾਸ਼ ਬਾਂਸਲ, ਪ੍ਰੋਫ਼ੈਸਰ ਸੰਤੋਖ਼ ਕੌਰ, ਅਮ੍ਰਿਤ ਪਾਲ ਕੌਰ, ਹਰਜੀਤ ਕੌਰ, ਸੁਨੀਤਾ ਰਾਣੀ, ਬਲਜਿੰਦਰ ਕੌਰ, ਮਾਸਟਰ ਪਰਮਵੇਦ ਸਮੇਤ ਸਮੂਹ ਹਾਜ਼ਰੀਨ ਨੇ ਸਮੂਹਿਕ ਰੂਪ ਵਿੱਚ ਸਨਮਾਨਿਤ ਕੀਤਾ। ਕਲੋਨੀ ਨਿਵਾਸੀਆਂ ਨੇ ਮੁਖ ਮਹਿਮਾਨ ਨਵਦੀਪ ਸਿੰਘ ਤੇ ਸੁਪਰਡੈਂਟ ਰਾਜਵੀਰ ਸਿੰਘ ਦਾ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ।