ਸਹਾਰਾ: ਆਪਣਾ ਪੰਜਾਬ ਮੀਡੀਆ: ਪਾਕਿਸਤਾਨ ‘ਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਪਾਕਿਸਤਾਨੀ ਦੇ ਰਾਵਲਪਿੰਡੀ ਤੋਂ ਚੱਲੀ ਹਜ਼ਾਰਾ ਐਕਸਪ੍ਰੈੱਸ ਦੇ 10 ਡੱਬੇ ਪਟੜੀ ਤੋਂ ਉਤਰ ਗਏ । ਇਸ ਹਾਦਸੇ ‘ਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 50 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਸਹਾਰਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਇਹ ਸਟੇਸ਼ਨ ਸ਼ਹਿਜ਼ਾਦਪੁਰ ਅਤੇ ਨਵਾਬਸ਼ਾਹ ਦੇ ਵਿਚਕਾਰ ਸਥਿਤ ਹੈ। ਹਾਦਸੇ ‘ਚ ਪ੍ਰਭਾਵਿਤ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਪਾਕਿਸਤਾਨ ਰੇਲਵੇ ਦੇ ਡਿਵੀਜ਼ਨਲ ਸੁਪਰਡੈਂਟ ਸੁਕੁਰ ਮੁਹੰਮਦੁਰ ਰਹਿਮਾਨ ਦੇ ਹਵਾਲੇ ਨਾਲ ਕਿਹਾ ਹੈ ਕਿ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਪ੍ਰਭਾਵਿਤ ਬੋਗੀਆਂ ਤੋਂ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਨੇੜਲੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਇਸ ਰੇਲ ਹਾਦਸੇ ਤੋਂ ਬਾਅਦ, ਸਿੰਧ ਦੇ ਅੰਦਰੂਨੀ ਜ਼ਿਲ੍ਹਿਆਂ ਨੂੰ ਜਾਣ ਵਾਲੀਆਂ ਰੇਲਗੱਡੀਆਂ ਦਾ ਸੰਚਾਲਨ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਚਾਅ ਦਲ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਨਵਾਬਸ਼ਾਹ ਦੇ ਪੀਪਲਜ਼ ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।