ਸਲੋਹ ਰੋਡ ਤੇ ਨਿੰਮ ਦੇ ਬੂਟੇ ਲਗਾਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼
ਨਵਾਂਸ਼ਹਿਰ : (ਵਿਪਨ ਕੁਮਾਰ) ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਵਾਤਾਵਰਨ ਬਚਾਓ ਮੁਹਿਮ ਦੇ ਤਹਿਤ ਟੀਮ ਦੇ ਗ੍ਰੀਨ ਮੋਟੀਵੇਟਰ ਮਨੋਜ ਕਨੋਜੀਆ ਦੇ ਯਤਨਾਂ ਨਾਲ ਸਲੋਹ ਰੋਡ ‘ਤੇ ਨਿੰਮ ਦੇ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਮਨੋਜ ਕਨੋਜੀਆ ਨੇ ਪੌਧਾਰੋਪਣ ਤੋਂ ਪਹਿਲਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਨਿੰਮ ਨੂੰ ‘ ਕਲਪਬ੍ਰਿਕਸ਼ ‘ ਤੋਂ ਵੀ ਉੱਪਰ ਰੱਖਿਆ ਗਿਆ ਹੈ, ਜੋ ਕਿ ਪੌਰਾਣਿਕ ਇੱਛਾ-ਪੂਰਤੀ ਵਾਲਾ ਰੁੱਖ ਹੈ। ਨਿੰਮ ਵਿਚ ਬਹੁਤ ਸਾਰੇ ਫ਼ਾਇਦੇਮਦ ਗੁਣ ਹਨ। ਨਿੰਮ ਦੇ ਰੁੱਖ ਨਾਲ ਹਵਾ ਅਤੇ ਵਾਤਾਵਰਣ ਦੇ ਨੁਕਸਾਨਦੇਹ ਤੱਤ ਸ਼ੁੱਧ ਹੋ ਜਾਂਦੇ ਹਨ। ਉਸਦੀ ਛਾਂ ਨਾਲ ਨਾ ਸਿਰਫ਼ ਠੰਡਕ ਪਹੁੰਚਦੀ ਹੈ ਬਲਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚ ਹੁੰਦਾ ਹੈ। ਇਸੇ ਲਈ ਅੱਜ ਸਲੋਹ ਰੋਡ ‘ਤੇ ਨਿੰਮ ਦੇ ਬੂਟੇ ਲਗਾਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਲੋਹ ਰੋਡ ਉੱਤੇ ਹੋਰ ਵੀ ਬੂਟੇ ਲਗਾਏ ਜਾਣਗੇ। ਵਿਨੋਦ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਰਮੀ ਵਧ ਰਹੀ ਹੈ ਇਸ ਲਈ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਜਦੋਂ ਵੀ ਅਸੀਂ ਸੜਕ ਤੋਂ ਗੁਜਰਦੇ ਹਾਂ ਤਾਂ ਜੇਕਰ ਸਾਨੂੰ ਥੋੜੇ ਸਮੇਂ ਲਈ ਆਪਣਾ ਵਾਹਨ ਖੜਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਸੇ ਦਰੱਖਤ ਦੀ ਛਾਂ ਲਭਦੇ ਹਾਂ । ਸਾਨੂੰ ਛਾਂਦਾਰ ਸਥਾਨ ਇਸ ਲਈ ਮਿਲ ਜਾਂਦਾ ਹੈ ਕਿਉਂ ਕਿ ਸਾਡੇ ਪੂਰਵਜਾਂ ਨੇ ਬੂਟੇ ਲਗਾਏ ਸਨ। ਇਸ ਲਈ ਅੱਜ ਅਸੀਂ ਸਾਰੇ ਹੋਰ ਵੀ ਵਧੇਰੇ ਬੂਟੇ ਲਗਾਈਏ ਤਾਕਿ ਸਾਡੇ ਬੱਚਿਆਂ ਨੂੰ ਵੀ ਛਾਂਦਾਰ ਸਥਾਨ ਮਿਲ ਸਕੇ। ਇਸ ਮੌਕੇ ਰਮਨ ਬਾਲੀ, ਅਜੇ ਚੇਚੀ ਅਤੇ ਗੁਰਪ੍ਰੀਤ ਮੋਜੂਦ ਰਹੇ