ਔਕਲੈਂਡ : ਆਪਣਾ ਪੰਜਾਬ ਮੀਡੀਆ: ਨਿਊਜ਼ੀਲੈਂਡ ਦੀ ਸ਼ਾਨ, ਔਕਲੈਂਡ ਸ਼ਹਿਰ ਦੀ ਜਾਨ ਤੇ ਵੇਖਣ ਵਾਲੇ ਨੂੰ ਅਜੂਬੇ ਵਾਂਗ ਪ੍ਰਤੀਤ ਹੁੰਦਾ ਸਕਾਈ ਟਾਵਰ ਇਸ ਮਹੀਨੇ (ਅਗਸਤ) ਆਪਣਾ 26ਵਾਂ ਜਨਮ ਦਿਵਸ ਮਨਾ ਰਿਹਾ ਹੈ। ਇਸੇ ਸੰਦਰਭ ਵਿਚ ਵੇਖਣ ਵਾਲਿਆਂ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਵੀਕਐਂਡ ਉਤੇ ਚੱਲ ਰਹੇ ਹਨ। ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਜਿਥੇ ਕਿ ਪੰਜਾਬੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ, ਵਿਖੇ ਇਸ ਸ਼ਹਿਰ ਦੇ ਸੁਹੱਪਣ ਨੂੰ ਚਾਰ ਚੰਦ ਲਾਉਂਦਾ ਇਹ ਦੁਨੀਆ ਦਾ 28ਵਾਂ ਉਚਾ ਟਾਵਰ ‘ਸਕਾਈ ਟਾਵਰ’ ਹੈ ਜਿਸ ਨੂੰ ਵੇਖਣ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ। ਔਕਲੈਂਡ ਦੇ ਸਕਾਈ ਟਾਵਰ ਦੇ 26ਵੇਂ ਜਨਮ ਦਿਵਸ ਨੂੰ ਮਨਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।
ਜੇਕਰ ਇਸ ਟਾਵਰ ਦੇ ਨਿਰਮਾਣ ਤੇ ਨਜ਼ਰ ਮਾਰੀਏ ਤਾਂ ਇਸ ਟਾਵਰ ਦੀ ਉੱਚਾਈ 328 ਮੀਟਰ (1076 ਫੁੱਟ) ਹੈ, ਜੋ ਕਿ 71 ਮੰਜ਼ਿਲਾਂ ਦੇ ਬਰਾਬਰ ਹੈ। ਇਸ ਟਾਵਰ ਦੀ 190 ਮੀਟਰ ਦੀ ਉਚਾਈ ’ਤੇ ਜਾ ਕੇ ਦੋ ਸਿਖਰਲੀਆਂ ਮੰਜ਼ਿਲਾਂ ਉਤੇ ਕੌਫੀ ਹਾਊਸ ਅਤੇ ਰੈਸਟੋਰੈਂਟ ਬਣਾਏ ਗਏ ਹਨ। ਰੈਸਟੋਰੈਂਟ ਵਿਚ ਬੈਠਣ ਵਾਲਾ ਸਥਾਨ 360 ਡਿਗਰੀ ਐਂਗਲ ’ਤੇ ਪ੍ਰਤੀ ਘੰਟਾ ਪ੍ਰਤੀ ਚੱਕਰ ਘੁੰਮਦਾ ਹੈ। 186 ਮੀਟਰ ਦੀ ਉਚਾਈ ’ਤੇ ਵੇਖਣ ਲਈ ਖੁੱਲ੍ਹੀਆਂ ਗੈਲਰੀਆਂ ਬਣਾਈਆਂ ਗਈਆਂ ਹਨ ਚੱਲਣ-ਫਿਰਨ ਦੇ ਲਈ ਕੁਝ ਭਾਗ ਸ਼ੀਸ਼ੇ ਦਾ ਹੈ, ਜਿਸ ਉਤੇ ਖੜ੍ਹੇ ਹੋ ਕੇ ਤੁਸੀਂ ਪੈਰਾਂ ਥੱਲੇ ਦੀ ਧਰਤੀ ਵੇਖ ਸਕਦੇ ਹੋ। ਇਸ ਉਤੇ ਖੜ੍ਹੇ ਹੋਣਾ ਇੰਝ ਲਗਦਾ ਹੈ ਜਿਵੇਂ ਤੁਸੀਂ ਥੱਲੇ ਡਿੱਗ ਰਹੇ ਹੋਵੋ। ਇਸ ਤੋਂ ਇਲਾਵਾ 220 ਮੀਟਰ ਦੀ ਉਚਾਈ ’ਤੇ ਵੀ ਇਕ ਡੈਕ ਹੈ ਜਿਥੋਂ ਖੜ੍ਹ ਕੇ ਤੁਸੀਂ ਚੁਫੇਰੇ 82 ਕਿਲੋਮੀਟਰ ਦੂਰ (ਬੰਬੇ ਹਿੱਲ) ਤੱਕ ਵੇਖ ਸਕਦੇ ਹੋ। 192 ਮੀਟਰ ਦੀ ਉਚਾਈ ’ਤੇ ਇਕ ਸਕਾਈ ਰੋਪ ਜੰਪ ਵੀ ਹੈ ਜਿਸ ਉਤੋਂ ਜੰਪ ਲਗਾਉਣ ਵਾਲਾ 85 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਹੇਠਾਂ ਆਉਂਦਾ ਹੈ। ਇਸ ਟਾਵਰ ਦੀਆਂ ਉਪਰਲੀਆਂ ਮੰਜ਼ਿਲਾਂ ਉਤੇ ਟੈਲੀਕਮਿਊਨੀਕੇਟ ਅਤੇ ਬ੍ਰਾਡਕਾਸਟਿੰਗ ਅਨਟੀਨਾ ਲੱਗੇ ਹੋਏ ਹਨ। ਇਸ ਦੇ ਸਹਿਯੋਗ ਸਦਕਾ ਹੀ 1 ਦਸੰਬਰ 2013 ਤੋਂ ਨਿਊਜ਼ੀਲੈਂਡ ਦੇ ਸਾਰੇ ਟੈਲੀਵੀਜ਼ਨ ਡਿਜ਼ੀਟਲ ਹੋ ਗਏ ਸਨ ਅਤੇ ਐਨਾਲਾਗ ਟੀ. ਵੀ. ਸੈਟ ਬੰਦ ਹੋ ਗਏ ਸਨ।
ਇਸ ਟਾਵਰ ਨੂੰ ਬਨਾਉਣ ਦੇ ਲਈ 2 ਸਾਲ 9 ਮਹੀਨੇ ਦਾ ਸਮਾਂ ਲੱਗਾ ਸੀ ਅਤੇ ਅਗਸਤ, 1997 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਸੀ। ਨਿਰਧਾਰਤ ਸਮੇਂ ਤੋਂ ਇਹ 6 ਮਹੀਨੇ ਪਹਿਲਾਂ ਬਣਾ ਦਿੱਤਾ ਗਿਆ ਸੀ। ਇਹ ਟਾਵਰ 8 ਮੁੱਖ ਲੱਤਾਂ ਉਤੇ ਖੜਾ ਹੈ ਜਿਨ੍ਹਾਂ ਦਾ ਅਧਾਰ 49 ਫੁੱਟ ਡੂੰਘਾ ਹੈ। ਇਸ ਦੇ ਅੰਦਰ ਤਿੰਨ ਲਿਫ਼ਟਾਂ ਲੱਗੀਆਂ ਹੋਈਆਂ ਹਨ, ਜੋ 18 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਉਤੇ ਜਾਂਦੀ ਹੈ ਅਤੇ 40 ਸੈਕਿੰਡ ਦੇ ਵਿਚ ਉਪਰ ਲੈ ਜਾਂਦੀ ਹੈ। ਇਸ ਉਤੇ ਜਾਣ ਲਈ ਕੁੱਲ 1267 ਪੌੜੀਆਂ ਦੇ ਪੌਡੇ ਵੀ ਹਨ। 2009 ਦੇ ਵਿਚ ਪੌੜੀਆਂ ਤੱਕ ਚੜ੍ਹਨ ਦਾ ਰਿਕਾਰਡ 4 ਮਿੰਟ 53 ਸੈਕਿੰਡ (ਜ਼ਰਮਨੀ ਦੇ ਥੌਮਸ ਡੋਲਡ) ਦਾ ਹੈ ਪਰ ਆਮ ਬੰਦੇ ਨੂੰ 4 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਦੀ ਸਪੀਡ ਨਾਲ ਅੱਧਾ ਘੰਟੇ ਤੱਕ ਦਾ ਸਮਾਂ ਉਪਰ ਚੜ੍ਹਨ ਤੱਕ ਲਗ ਸਕਦਾ ਹੈ। ਹਰ ਸਾਲ ਪੌੜੀਆਂ ਚੜ੍ਹਨ ਦਾ ਮੁਕਾਬਲਾ (06 ਅਗਸਤ 2023 ਨੂੰ ਹੋਇਆ) ਹੁੰਦਾ ਹੈ ਅਤੇ ਫੰਡ ਰੇਜ਼ਿੰਗ ਕੀਤੀ ਜਾਂਦੀ ਹੈ। ਇਥੇ ਖਾਣ-ਪੀਣ ਦੇ ਲਈ ਬਾਰ ਵੀ ਹੈ ਅਤੇ ਇਕ ਇੰਡੀਅਨ ਰੈਸਟੋਰੈਂਟ ‘ਕਾਸ਼ੀਆ’ (ਦਾਲਚੀਨੀ) ਵੀ ਹੈ।
ਨਿਊਜ਼ੀਲੈਂਡ ਦੀ ਸ਼ਾਨ ਔਕਲੈਂਡ ਸਕਾਈ ਟਾਵਰ ਇਸ ਮਹੀਨੇ ਮਨਾ ਰਿਹਾ ਆਪਣਾ 26ਵਾਂ ਜਨਮ ਦਿਵਸ, ਕੀਤੀਆਂ ਵਿਸ਼ੇਸ਼ ਤਿਆਰੀਆਂ

Leave a comment
Leave a comment