ਰਾਏਕੋਟ : ਦਲਜੀਤ ਕੌਰ : ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਨਕਸਲਬਾੜੀ ਲਹਿਰ ਦੇ ਸ਼ਹੀਦ ਨਿਰੰਜਨ ਅਕਾਲੀ ਕਾਲਸਾਂ ਦੀ ਸ਼ਹੀਦੀ ਲਾਟ ਉੱਪਰ ਲਾਲ ਝੰਡਾ ਝੁਲਾਇਆ ਗਿਆ। ਸ਼ਹੀਦ ਨਿਰੰਜਨ ਅਕਾਲੀ ਦੇ ਘਰ ਤੋਂ ਜੁਝਾਰੂ ਕਾਫ਼ਲਾ ਅਕਾਸ਼ ਨਾਅਰੇ (ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ ਅਮਰ ਰਹੇ, ਨਕਸਲਬਾੜੀ-ਜਿੰਦਾਬਾਦ, ਅਮਰ ਸ਼ਹੀਦਾਂ ਦਾ ਪੈਗ਼ਾਮ-ਬਦਲ ਦੇਣਾ ਹੈ ਲੁਟੇਰਾ ਨਿਜ਼ਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ- ਮੁਰਦਾਬਾਦ) ਮਾਰਦਾ ਹੋਇਆ ਉਨ੍ਹਾਂ ਦੀ ਸ਼ਹੀਦੀ ਲਾਟ ਵੱਲ ਰਵਾਨਾ ਹੋਇਆ। ਇਸ ਦੌਰਾਨ ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ ਦੀ ਚੌਥੀ ਵਿਰਾਸਤ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਨਕਸਲਬਾੜੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ 1967 ‘ਚ ਭਾਰਤ ਵਰਸ਼ ‘ਚ ‘ਬਸੰਤ ਦੀ ਗਰਜ਼‘ ਬਣ ਉੱਠੀ ਨਕਸਲਬਾੜੀ ਦੀ ਬਗਾਵਤ ਅਸਲ ਵਿੱਚ ਲੋਕ ਮੁਕਤੀ ਲਈ ਇਨਕਲਾਬ ਦਾ ਬੁਨਿਆਦੀ ਬਦਲ ਲੈ ਕੇ ਉੱਠੀ ਸੀ। ਇਹ ਬਗ਼ਾਵਤ ਪੂਰੇ ਦੇਸ਼ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ, ਜਿਸਨੇ ਦੇਸ਼ ਦੇ ਕਿਰਤੀ ਲੋਕਾਂ ਦੀਆਂ ਅੱਖਾਂ ਵਿਚ ਮੁਕਤੀ ਦੇ ਸੁਪਨੇ ਜਗਾਏ ਸਨ। ਪੰਜਾਬ ‘ਚ ਵੀ ਇਸ ਲਹਿਰ ਨੇ ਵੱਡੀ ਪੱਧਰ ਤੇ ਆਪਣਾ ਅਮਿੱਟ ਪ੍ਰਭਾਵ ਪਾਇਆ। ਬਾਬਾ ਨਿਰੰਜਨ ਅਕਾਲੀ, ਪਰਜਾ ਮੰਡਲ ਲਹਿਰ, ਸੀਪੀਆਈ, ਸੀਪੀਐੱਮ ਤੋਂ ਅੱਗੇ ਕੁਲਵਕਤੀ ਵਜੋਂ ਨਕਸਲਬਾੜੀ ਲਹਿਰ ‘ਚ ਕੁੱਦ ਪਏ ਤੇ ਲੰਮਾ ਸਮਾਂ ਰੂਪੋਸ਼ ਰਹੇ। ਸ਼ਹੀਦੀ ਤੱਕ ਉਹ ਆਪਣੀ ਨਕਸਲੀ ਵਿਚਾਰਧਾਰਾ ਤੇ ਦ੍ਰਿੜ ਰਹੇ। ਡਾ. ਰਜਿੰਦਰ ਪਾਲ ਨੇ ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ ਹੋਰਾਂ ਦੇ ਅਧੂਰੇ ਕਾਰਜ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਲਈ ਲੋਕਾਂ ਨੂੰ ਜਥੇਬੰਦ ਹੋ ਕੇ ਇਨਕਲਾਬ ਦੇ ਰਾਹ ਤੇ ਪੈਣ ਦਾ ਸੁਨੇਹਾ ਦਿੱਤਾ। ਸਾਡੇ ਮੁਲਕ ਦੇ ਹਾਕਮ ਲੋਕਾਂ ਨੂੰ ਮਹਿੰਗਾਈ, ਭਿ੍ਰਸ਼ਟਾਚਾਰ, ਗਰੀਬੀ, ਬੇਰੁਜਗਾਰੀ, ਨਸ਼ਾਖੋਰੀ ਤੇ ਕਾਲੇ ਕਾਨੂੰਨਾਂ ਦਾ ਬੋਝ ਤੇ ਦਾਬਾ ਪਾ ਰਹੇ ਹਨ। ਮਹਿੰਗਾਈ , ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੁਪੋਸ਼ਣ ਪਿਛਲੇ ਪੰਜ ਦਹਾਕਿਆਂ ਤੋਂ ਸਭ ਤੋਂ ਤਿੱਖਾ ਰੂਪ ਹਾਸਲ ਕਰ ਗਿਆ ਹੈ।ਔਰਤਾਂ ਉੱਤੇ ਜਬਰ ਸਭ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਇਸ ਲਈ ਅੱਜ ਲੋੜ ਹੈ ਕਿ ਉਨ੍ਹਾਂ ਅਮਰ ਸ਼ਹੀਦਾਂ ਦੀ ਵਿਚਾਰਧਾਰਾ ਦੇ ਸੰਗੀ ਬਣਿਆ ਜਾਵੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮਨਜੀਤ ਧਨੇਰ ਨੇ ਲੋਕਾਂ ਨੂੰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਦੇ ਯਾਦਗਾਰ ਸਮਾਗਮ ਤੇ ਕਿਸਾਨਾਂ-ਮਜ਼ਦੂਰਾਂ ਖਾਸ ਕਰ ਔਰਤਾਂ ਨੂੰ ਦਾਣਾ ਮੰਡੀ ਮਹਿਲਕਲਾਂ ਪਹੁੰਚਣ ਦੀ ਅਪੀਲ ਕੀਤੀ ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜੁਗਰਾਜ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਇਨਕਲਾਬੀ ਕੇਂਦਰ ਦੇ ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਜਸਪਾਲ ਚੀਮਾ, ਅਜਮੇਰ ਕਾਲਸਾਂ, ਡਾ. ਅਮਰਜੀਤ ਕਾਲਸਾਂ, ਅਮਰਜੀਤ ਕੌਰ, ਕੇਵਲ ਜੀਤ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ, ਜਸਵਿੰਦਰ ਕੌਰ, ਗੁਰਮੇਲ ਕੌਰ, ਗੱਜਣ ਸਿੰਘ ਕਾਲਸਾਂ, ਸੁਰੈਣ ਸਿੰਘ, ਮਹਿੰਦਰ ਸਿੰਘ ਮੂੰਮ, ਬਲਵੀਰ ਸਿੰਘ, ਨੌਜਵਾਨ ਆਗੂ ਹਰਪ੍ਰੀਤ ਸਿੰਘ, ਜਗਮੀਤ ਸਿੰਘ, ਹਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ। ਸਟੇਜ ਦੇ ਫਰਜ਼ ਖੁਸਮੰਦਰ ਪਾਲ ਨੇ ਬਾਖ਼ੂਬੀ ਅਦਾ ਕੀਤੇ। ਅਜਮੇਰ ਸਿੰਘ ਕਾਲਸਾਂ ਅਤੇ ਸਾਥੀਆਂ ਨੇ ਸ਼ਰਧਾਂਜਲੀ ਗੀਤ (ਮਾਂ ਭਾਰਤ ਦੇ ਵੀਰ ਸਪੂਤੋ-ਅਮਰ ਸ਼ਹੀਦੋ ਲਾਲ ਸਲਾਮ) ਪੂਰੇ ਜੋਸ਼ ਨਾਲ ਪੇਸ਼ ਕੀਤਾ।
ਨਕਸਲਬਾੜੀ ਲਹਿਰ ਦੇ ਸ਼ਹੀਦ ਨਿਰੰਜਨ ਸਿੰਘ ਅਕਾਲੀ ਦਾ ਸ਼ਰਧਾਂਜਲੀ ਸਮਾਗਮ

Leave a comment
Leave a comment