ਅਜਨਾਲਾ : ਕੁਲਜੀਤ ਸਿੰਘ : ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਪਿੰਡਾਂ ਵਿਚ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਕਿਹਾ ਕਿ ਹੜਾਂ ਦੀ ਕੁਦਰਤੀ ਕਰੋਪੀ ਵਿਚ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਕਈ ਥਾਵਾਂ ਉਤੇ ਰਾਵੀ, ਸਤੁਲਜ ਅਤੇ ਘੱਗਰ ਦਰਿਆ ਆਪਣੇ ਕਿਨਾਰੇ ਪੈਂਦੀਆਂ ਜਮੀਨਾਂ ਨੂੰ ਤੇਜ ਵਹਾਅ ਕਾਰਨ ਆਪਣੇ ਨਾਲ ਵਹਾਅ ਲੈ ਗਿਆ ਹੈ, ਅਜਿਹੇ ਕਿਸਾਨਾਂ ਦੀਆਂ ਦਰਿਆ ਬੁਰਦ ਹੋਈਆਂ ਜਮੀਨਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਅੱਜ ਅਜਨਾਲਾ ਹਲਕੇ ਦੇ ਵਿਚ ਰੂੜੇਵਾਲ, ਘਮਰਾਹ ਅਤੇ ਪੰਜਗਰਾਂਈ, ਜਿਸ ਦੀ ਸੈਂਕੜੇ ਏਕੜ ਜਮੀਨ ਬੀਤੇ ਦੋ ਦਿਨਾਂ ਵਿਚ ਰਾਵੀ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ, ਦਾ ਮੌਕਾ ਵੇਖਣ ਮੌਕੇ ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਅਤੇ ਕੱਲ ਕੈਬਨਿਟ ਮੀਟਿੰਗ ਵਿਚ ਵੀ ਇਸ ਮੁੱਦੇ ਉਤੇ ਲੰਮੀ ਚਰਚਾ ਹੋਈ ਹੈ। ਉਨਾਂ ਕਿਹਾ ਕਿ ਅਸੀਂ 15 ਅਗਸਤ ਤੱਕ ਫਸਲਾਂ ਅਤੇ ਜਮੀਨਾਂ ਦੀ ਗਿਰਦਾਵਰੀ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਕਿਸਾਨਾਂ ਦੇ ਨੁਕਸਾਨ ਦਾ ਸਹੀ ਜਾਇਜਾ ਲੈ ਕੇ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ।
ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਇਸ ਬਾਰੇ ਕੇਂਦਰ ਸਰਕਾਰ ਕੋਲ ਵੀ ਮੁੱਦਾ ਚੁੱਕਿਆ ਹੈ, ਕਿਉਂਕਿ ਦਰਿਆਵਾਂ ਦਾ ਕੰਟਰੋਲ ਕੇਂਦਰ ਸਰਕਾਰ ਦੇ ਕੋਲ ਹੈ ਅਤੇ ਕੁਦਰਤੀ ਆਫਤ ਵਿਚ ਸੂਬਾ ਸਰਕਾਰਾਂ ਦੀ ਮਦਦ ਕਰਨਾ ਕੇਂਦਰ ਸਰਕਾਰ ਦਾ ਫਰਜ਼ ਵੀ ਹੈ। ਉਨਾਂ ਦੱਸਿਆ ਕਿ ਦਰਿਆਵਾਂ ਵਿਚ ਅਜੇ ਵੀ ਪਾਣੀ ਬਹੁਤ ਤੇਜ ਹੈ, ਜੋ ਕਿ ਲਗਾਤਾਰ ਜਮੀਨ ਨੂੰ ਢਾਹ ਲਗਾ ਰਿਹਾ ਹੈ। ਉਨਾਂ ਕਿਹਾ ਕਿ ਇਸ ਢਾਅ ਦਾ ਪੱਕਾ ਹੱਲ ਵੀ ਕੀਤਾ ਜਾਵੇਗਾ ਅਤੇ ਦਰਿਆ ਦੇ ਕੰਢੇ ਪੱਥਰ ਲਗਾ ਕੇ ਇਸ ਨੁਕਸਾਨ ਨੂੰ ਪੱਕੇ ਤੌਰ ਉਤੇ ਰੋਕ ਦਿੱਤਾ ਜਾਵੇਗਾ।