ਭਾਰਤੀ ਦੀ ਜਯੋਤੀ ਸੁਰੇਪਾ ਵੇਨੱਮ, ਆਦਿੱਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਤੀਰਅੰਦਾਜ਼ੀ ਕੰਪਾਊਂਡ ਮਹਿਲਾ ਤਿੱਕੜੀ ਨੇ ਅੱਜ ਇੱਥੇ ਵਿਸ਼ਵ ਕੱਪ ਸਟੇਜ ਤਿੰਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਇਸ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਖਿਤਾਬੀ ਹੈਟ੍ਰਿਕ ’ਤੇ ਟਿਕੀਆਂ ਹੋਈਆਂ ਹਨ। ਇਸ ਸਾਲ ਅਪਰੈਲ ਅਤੇ ਮਈ ਵਿੱਚ ਸ਼ੰਘਾਈ ਅਤੇ ਯੇਚਿਓਨ ਵਿੱਚ ਲਗਾਤਾਰ ਦੋ ਵਿਸ਼ਵ ਕੱਪ ’ਚ ਸੋਨ ਤਗ਼ਮਾ ਜਿੱਤਣ ਵਾਲੀ ਦੁਨੀਆ ਵਿੱਚ ਨੰਬਰ ਇੱਕ ਭਾਰਤੀ ਕੰਪਾਊਂਡ ਮਹਿਲਾ ਟੀਮ ਨੇ ਇਕਤਰਫ਼ਾ ਸੈਮੀ ਫਾਈਨਲ ਵਿੱਚ ਮੇਜ਼ਬਾਨ ਤੁਰਕੀ ਨੂੰ 234-227 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਇਸਤੋਨੀਆ ਨਾਲ ਹੋਵੇਗਾ।
ਸਿਖਰਲਾ ਦਰਜਾ ਪ੍ਰਾਪਤ ਟੀਮ ਵਜੋਂ ਕੁਆਲੀਫਾਈ ਕਰਨ ਵਾਲੇ ਭਾਰਤ ਨੂੰ ਸਿੱਧੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਮਿਲੀ, ਜਿੱਥੇ ਟੀਮ ਨੇ ਅਲ ਸਲਵਾਡੋਰ ਨੂੰ 235-227 ਨਾਲ ਹਰਾਇਆ।
ਪ੍ਰਿਯਾਂਸ਼, ਅਭਿਸ਼ੇਕ ਵਰਮਾ ਅਤੇ ਪ੍ਰਥਮੇਸ਼ ਫੁਗੇ ਦੀ ਪੁਰਸ਼ ਟੀਮ ਨੂੰ ਨਿਕੋਲੋਸ ਗਿਰਰਾਡ, ਜੀਨ ਫਿਲਿਪ ਬੋਲਚ ਅਤੇ ਐਡਰੀਅਨ ਗੋਨਟਿਅਰ ਦੀ ਟੀਮ ਖ਼ਿਲਾਫ਼ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਸਿਰਫ਼ ਇੱਕ ਅੰਕ (235-236) ਨਾਲ ਹਾਰ ਝੱਲਣੀ ਪਈ। ਕੰਪਾਊਂਡ ਫਾਈਨਲ ਸ਼ਨਿੱਚਰਵਾਰ ਨੂੰ ਹੋਣਗੇ।