ਤਰਨਤਾਰਨ: ਪਿੰਡ ਠੱਠਾ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਵਿੱਚ ਡੁੱਬ ਕੇ ਕਿਸਾਨਾਂ ਦੀ ਸੌ ਏਕੜ ਝੋਨੇ ਦੀ ਫਸਲ ਹੋਈ ਖਰਾਬ
ਤਰਨਤਾਰਨ : ਆਪਣਾ ਪੰਜਾਬ ਮੀਡੀਆ : ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਪਿੰਡ ਠੱਠੇ ਦੇ ਕਿਸਾਨਾਂ ਦੀ ਸੋਨੇ ਵਰਗੀ ਝੋਨੇ ਦੀ ਫ਼ਸਲ ਬਾਰਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਵਿੱਚ ਡੁੱਬਣ ਕਾਰਨ ਤਬਾਹ ਹੋ ਚੁੱਕੀਆਂ ਹਨ ਪਰ ਸਰਕਾਰ ਜਾਂ ਤਰਨਤਾਰਨ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਪਿੰਡ ਠੱਠਾ ਦੇ ਇਹਨਾਂ ਪੀੜਤ ਕਿਸਾਨਾਂ ਦੀ ਸਾਰ ਨਹੀਂ ਲਈ। ਜਿਸ ਕਰਕੇ ਪਿੰਡ ਠੱਠਾ ਦੇ ਇਨ੍ਹਾਂ ਪੀੜ੍ਹਤ ਕਿਸਾਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਜੇ ਉਹ ਆਪਣੀ ਜ਼ਮੀਨ ਵਿਚੋਂ ਬਾਰਸ਼ ਦਾ ਇਹ ਪਾਣੀ ਅੱਗੇ ਸਰਕਾਰੀ ਸੂਏ ਜਾਂ ਕਿਤੇ ਹੋਰ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਜਾਂਦਾ ਹੈ ਅਤੇ ਪਰਚਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੀੜ੍ਹਤ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਵਿਚ ਸਰਕਾਰੀ ਪੁਲੀ ਬਣੀ ਹੋਈ ਹੈ ਜੋ ਕਾਫੀ ਚਿਰ ਤੋਂ ਬੰਦ ਪਈ ਹੈ ਜਿਸ ਨੂੰ ਪ੍ਰਸ਼ਾਸਨ ਵੱਲੋਂ ਖੋਲ੍ਹਣ ਨਹੀਂ ਦਿੱਤਾ ਜਾ ਰਿਹਾ। ਉਸ ਨੇ ਦੱਸਿਆ ਕਿ ਜੇ ਇਹ ਪੁਲੀ ਖੁੱਲ ਜਾਵੇ ਤਾਂ ਉਸ ਦੀ ਹਰ ਸਾਲ ਬਰਬਾਦ ਹੁੰਦੀ ਫ਼ਸਲ ਬਚ ਜਾਵੇਗੀ। ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਮੰਗਾ ਸਿੰਘ ਨੇ ਦੱਸਿਆ ਕਿ ਬਾਰਿਸ਼ ਦੇ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਠੱਠੇ ਦੇ ਕਿਸਾਨਾਂ ਦੀ ਕਰੀਬ 100 ਏਕੜ ਝੋਨੇ ਦੀ ਫਸਲ ਇਸੇ ਤਰ੍ਹਾਂ ਹੀ ਬਾਰਸ਼ ਦੇ ਪਾਣੀ ਵਿਚ ਡੁੱਬ ਕੇ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਜੀ ਹੋਈ ਝੋਨੇ ਦੀ ਫ਼ਸਲ ਵਿੱਚੋਂ ਬਾਰਸ਼ ਦੇ ਪਾਣੀ ਦੀ ਨਿਕਾਸੀ ਸਮੇਂ ਸਿਰ ਹੋ ਜਾਂਦੀ ਤਾਂ ਝੋਨੇ ਦੀ ਫ਼ਸਲ ਨਸ਼ਟ ਹੋਣ ਤੋਂ ਬਚ ਸਕਦੀ ਸੀ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਮੌਸਮ ਦੌਰਾਨ ਬਾਰਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹਨਾਂ ਦੀਆਂ ਫਸਲਾਂ ਨਸ਼ਟ ਹੋ ਚੁੱਕੀਆਂ ਹਨ।ਪਰ ਕਿਸੇ ਵੀ ਸਰਕਾਰ ਨੇ ਕਿਸਾਨਾਂ ਨੂੰ ਪ੍ਰਭਾਵਿਤ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਿਸ ਕਾਰਨ ਹਰ ਸਾਲ ਕਿਸਾਨਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੁੰਦਾ ਹੈ। ਪੀੜ੍ਹਤ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪਾਣੀ ਵਿਚ ਡੁੱਬੀਆਂ ਫਸਲਾਂ ਦਾ ਆਉਣ ਵਾਲੇ ਦਿਨਾਂ ਵਿਚ ਜਾਇਜਾ ਲੈ ਕੇ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।