ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਨੂੰ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਦੀ ਕੀਤੀ ਅਪੀਲ
ਸ੍ਰੀ ਆਨੰਦਪੁਰ ਸਾਹਿਬ : ਆਪਣਾ ਪੰਜਾਬ ਮੀਡੀਆ : ਤਖਤ਼ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਬੀਤੇ ਦਿਨ ਨਿਹੰਗ ਬਾਣੇ ਵਿੱਚ ਆਏ ਕੁਝ ਨੌਜਵਾਨਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ’ਚ ਸੇਵਾ ਨਿਭਾ ਰਹੇ ਸੇਵਾਦਾਰਾਂ ’ਤੇ ਕੀਤੇ ਹਮਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਇਨ੍ਹਾਂ ਸ਼ਰਾਰਤੀ ਲੋਕਾਂ ਖਿਲਾਫ਼ ਸਖ਼ਤੀ ਕਰਨ ਲਈ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ। ਜਥੇਦਾਰ ਸੁਲਤਾਨ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਗੁਰੂ ਸਾਹਿਬ ਵੱਲੋਂ ਬਖਸ਼ੇ ਇਸ ਬਾਣੇ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਹਨ ਤੇ ਅਜਿਹੇ ਲੋਕਾਂ ਖਿਲਾਫ਼ ਜਥੇਬੰਦੀਆਂ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਦੀਆਂ ਗਲਤ ਕਾਰਵਾਈਆਂ ਨੂੰ ਠੱਲ੍ਹ ਪਾਉਣ ਦੇ ਲਈ ਐਕਸ਼ਨ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਜਿਹੇ ਲੋਕਾਂ ਕਰ ਕੇ ਆਮ ਲੋਕ ਅਸਲੀ ਨਿਹੰਗ ਸਿੰਘਾਂ ਨੂੰ ਵੀ ਕਈ ਵਾਰੀ ਡਰ ਦੀ ਭਾਵਨਾ ਨਾਲ ਦੇਖਦੇ ਹਨ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਵੀ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਨੂੰ ਮਿਲ ਕੇ ਇਸ ਬਾਰੇ ਵਿਚਾਰਾਂ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਵੀ ਮੌਜੂਦ ਸਨ।