ਸੰਗਰੂਰ : ਦਲਜੀਤ ਕੌਰ : ਪਿਛਲੇ ਕਈ ਦਿਨਾਂ ਤੋਂ ਮੁੜ ਪਹਾੜੀ ਖੇਤਰਾਂ ਵਿੱਚ ਭਾਰੀ ਬਰਸਾਤ ਹੋਣ ਕਾਰਨ ਨਦੀਆਂ, ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨਿਕ ਤਿਆਰੀਆਂ ਬਾਰੇ ਸਮੀਖਿਆ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਨੌਰੀ ਸਾਈਫ਼ਨ ’ਤੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਲਈ ਵਧੇਰੇ ਚੌਕਸੀ ਰੱਖੇ ਜਾਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਹ ਪੱਧਰ ਹਾਲੇ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਰ ਅਹਿਤਿਆਤੀ ਤੌਰ ’ਤੇ ਸਮੂਹ ਅਧਿਕਾਰੀ ਤੇ ਕਰਮਚਾਰੀ ਪੂਰੀ ਤਰ੍ਹਾਂ ਮੁਸਤੈਦ ਰਹਿਣ ਤਾਂ ਜੋ ਲੋੜ ਪੈਣ ’ਤੇ ਸੰਕਟ ਦੀ ਕਿਸੇ ਵੀ ਘੜੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਮੂਨਕ ਨੂੰ ਹਦਾਇਤ ਕੀਤੀ ਕਿ ਘੱਗਰ ਦੇ ਨੇੜੇ ਵਸੇ ਪਿੰਡਾਂ, ਡੇਰਿਆਂ ਵਿੱਚ ਨੀਵੀਆਂ ਥਾਵਾਂ ’ਤੇ ਰਹਿੰਦੇ ਲੋਕਾਂ ਨੂੰ ਅਹਿਤਿਆਤੀ ਤੌਰ ’ਤੇ ਉੱਚੀਆਂ ਥਾਵਾਂ ’ਤੇ ਤਬਦੀਲ ਹੋਣ ਬਾਰੇ ਮੁਨਾਦੀ ਕਰਵਾਈ ਜਾਵੇ ਤਾਂ ਜੋ ਘੱਗਰ ਵਿੱਚ ਪਾਣੀ ਦਾ ਪੱਧਰ ਇਕਦਮ ਵਧਣ ਦੀ ਸਥਿਤੀ ਅਤੇ ਪਾਣੀ ਦੇ ਓਵਰਫਲੋਅ ਹੋਣ ਜਿਹੀ ਸੰਭਾਵਨਾ ਪੈਦਾ ਹੋਣ ’ਤੇ ਕਿਸੇ ਵੀ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਗਲੇ 36 ਘੰਟੇ ਘੱਗਰ ਦਰਿਆ ਸਮੇਤ ਸਮੂਹ ਨਦੀਆਂ ਨਾਲਿਆਂ ’ਤੇ ਵਧੇਰੇ ਚੌਕਸੀ ਰੱਖਣ ਦੀ ਲੋੜ ਹੈ ਕਿਉਂ ਜੋ ਪਹਾੜੀ ਸੂਬਿਆਂ ਵਿੱਚ ਹਾਲੇ ਵੀ ਮੀਂਹ ਪੈਣਾ ਬੰਦ ਨਹੀਂ ਹੋਇਆ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਐਕਸੀਅਨ ਡਰੇਨੇਜ਼, ਐਕਸੀਅਨ ਪੰਚਾਇਤੀ ਰਾਜ, ਐਕਸੀਅਨ ਨੈਸ਼ਨਲ ਹਾਈਵੇ, ਸਿਵਲ ਸਰਜਨ, ਪੀ.ਐਸ.ਪੀ.ਸੀ.ਐਲ, ਖੇਤੀਬਾੜੀ, ਪਸ਼ੂ ਪਾਲਣ, ਸਿਹਤ ਵਿਭਾਗ, ਜਲ ਸਪਲਾਈ, ਲੋਕ ਨਿਰਮਾਣ ਵਿਭਾਗ, ਬੀ.ਐਮ.ਐਲ, ਸਿੰਚਾਈ ਵਿਭਾਗ, ਡੇਅਰੀ, ਡੀ.ਐਫ.ਐਸ.ਸੀ, ਸੀਵਰੇਜ ਬੋਰਡ ਆਦਿ ਦੇ ਅਧਿਕਾਰੀਆਂ ਨੂੰ ਵੀ ਅਹਿਤਿਆਤੀ ਤੌਰ ’ਤੇ ਸਮੁੱਚੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਐਸ.ਡੀ.ਐਮ ਮੂਨਕ ਤੇ ਲਹਿਰਾ ਸੂਬਾ ਸਿੰਘ ਸਮੇਤ ਸਮੂਹ ਐਕਸੀਅਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨਿਕ ਤਿਆਰੀਆਂ ਬਾਰੇ ਵਿਸਤ੍ਰਿਤ ਸਮੀਖਿਆ ਮੀਟਿੰਗ

Leave a comment
Leave a comment