ਜੀਟੀ ਰੋਡ ਸਥਿਤ ਨਿੱਝਰਪੁਰਾ ਟੌਲ ਪਲਾਜ਼ਾ ’ਤੇ ਦੁਪਹਿਰ ਵੇਲੇ ਪੀਆਰਟੀਸੀ ਦੀ ਬੱਸ ਨੂੰ ਵੀਆਈਪੀ ਲੇਨ ’ਚੋਂ ਲੰਘਾਉਣ ਦੀ ਜ਼ਿੱਦ ਕਾਰਨ ਬੱਸ ਕੰਡਕਟਰ ਅਤੇ ਟੌਲ ਮੁਲਾਜ਼ਮਾਂ ਦੌਰਾਨ ਝੜਪ ਹੋ ਗਈ ਤੇ ਬੱਸ ਕੰਡਕਟਰ ਨੇ ਅੰਮ੍ਰਿਤਧਾਰੀ ਟੌਲ ਮੁਲਾਜ਼ਮ ਦੀ ਪੱਗ ਉਤਾਰ ਦਿੱਤੀ। ਇਸ ਦੌਰਾਨ ਝਗੜੇ ਵਿੱਚ ਦੋਵਾਂ ਧਿਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਬੱਸ ਚਾਲਕਾਂ ਨੇ ਵਿਰੋਧ ਵਿੱਚ ਸੜਕ ਜਾਮ ਕਰ ਦਿੱਤੀ।
ਇਸ ਸਬੰਧੀ ਟੌਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਅੱਜ ਦੁਪਹਿਰ ਵੇਲੇ ਵੀਆਈਪੀ ਲੇਨ ਵਿੱਚੋਂ ਪੀਆਰਟੀਸੀ ਦੀ ਇਕ ਬੱਸ, ਜੋ ਕਪੂਰਥਲਾ ਤੋਂ ਅੰਮ੍ਰਿਤਸਰ ਆ ਰਹੀ ਸੀ, ਨੂੰ ਜਦੋਂ ਡਰਾਈਵਰ ਨੇ ਵੀਆਈਪੀ ਲੇਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਟੌਲ ਪਲਾਜ਼ਾ ’ਤੇ ਮੌਜੂਦ ਮੁਲਾਜ਼ਮਾਂ ਵੱਲੋਂ ਰੋਕਣ ਕਾਰਨ ਟੌਲ ਕਰਮੀਆਂ ਅਤੇ ਬੱਸ ਕੰਡਕਟਰ ਗੁਰਲਾਲ ਸਿੰਘ ਵਿਚਕਾਰ ਝੜਪ ਹੋ ਗਈ ਤੇ ਟੌਲ ਪਲਾਜ਼ਾ ਅੰਮ੍ਰਿਤਧਾਰੀ ਕਰਮਚਾਰੀ ਦੀ ਪੱਗ ਉਤਰ ਗਈ ਅਤੇ ਦੋਵਾਂ ਧਿਰਾਂ ਦੇ ਮਾਮੂਲੀ ਸੱਟਾਂ ਲੱਗੀਆਂ। ਇਸ ਦੇ ਵਿਰੋਧ ਵਿੱਚ ਬੱਸ ਚਾਲਕਾਂ ਨੇ ਸੜਕ ਜਾਮ ਕਰ ਦਿੱਤੀ। ਮੌਕੇ ’ਤੇ ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰਪਾਲ ਸਿੰਘ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਦੂਜੇ ਪਾਸੇ ਦੋਵਾਂ ਧਿਰਾਂ ਵਿਚਾਲੇ ਤਣਾਅ ਬਰਕਰਾਰ ਹੈ। ਇਹ ਖਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ ਸੀ।