ਸੂਰਿਆਕੁਮਾਰ ਯਾਦਵ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ’ਚ ਸੁਪਰ-8 ਗੇੜ ਦੇ ਆਪਣੇ ਪਹਿਲੇ ਮੁਕਾਬਲੇ ’ਚ ਅਫ਼ਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਅਫ਼ਗਾਨਿਸਤਾਨ ਨੂੰ ਜਿੱਤ ਲਈ 182 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਵਿਰੋਧੀ ਟੀਮ 134 ਦੌੜਾਂ ’ਤੇ ਹੀ ਆਊਟ ਹੋ ਗਈ। ਅਫ਼ਗਾਨਿਸਤਾਨ ਵੱਲੋਂ ਅਜ਼ਮਤਉੱਲਾ ਓਮਰਜ਼ਾਈ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ ਜਦਕਿ ਨਜੀਬਉੱਲਾ ਜ਼ਦਰਾਨ 19 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 4 ਓਵਰਾਂ ’ਚ ਸਿਰਫ 7 ਦੌੜਾਂ ਦੇ ਕੇ ਵਿਰੋਧੀ ਟੀਮ ਦੇ ਤਿੰਨ ਬੱਲੇਬਾਜ਼ਾਂ ਨੂੰ ਪੈਵੇਲੀਅਨ ਮੋੜਿਆ। ਅਰਸ਼ਦੀਪ ਸਿੰਘ ਨੇ 3 ਅਤੇ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ ਜਦਕਿ ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ (53 ਦੌੜਾਂ) ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਠ ਵਿਕਟਾਂ ’ਤੇ 181 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ ਆਪਣੀ ਪਾਰੀ ਦੌਰਾਨ ਪੰਜ ਚੌਕੇ ਤੇ ਤਿੰਨ ਛੱਕੇ ਮਾਰੇ। ਉਸ ਨੇ ਹਾਰਦਿਕ ਪਾਂਡਿਆ (32 ਦੌੜਾਂ) ਨਾਲ ਪੰਜਵੀਂ ਵਿਕਟ ਲਈ 60 ਦੌੜਾਂ ਦੀ ਭਾਈਵਾਲੀ ਕੀਤੀ। ਇਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ 24 ਅਤੇ ਰਿਸ਼ਭ ਪੰਤ ਨੇ 20 ਦੌੜਾਂ ਬਣਾਈਆਂ। ਭਾਰਤ ਆਖਰੀ ਛੇ ਓਵਰਾਂ ਵਿੱਚ 66 ਦੌੜਾਂ ਹੀ ਬਣਾ ਸਕਿਆ। ਅਫ਼ਗਾਨਿਸਤਾਨ ਲਈ ਕਪਤਾਨ ਰਾਸ਼ਿਦ ਖਾਨ ਤੇ ਫਜ਼ਲਹਕ ਫਾਰੂਕੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜੌਹਨਸਨ ਦੀ ਯਾਦ ਵਿੱਚ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਮੈਚ ਖੇਡਿਆ। ਜੌਹਨਸਨ ਦੀ ਅੱਜ ਚਾਰ ਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ।