ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਉਪਰਾਲੇ ਸਦਕਾ ਦੋ ਸਾਲਾਂ ਤੋਂ ਵਿਛੜਿਆ 18 ਸਾਲ ਦਾ ਗੁੰਗਾ ਅਤੇ ਬਹਿਰਾ ਜਵਾਨ ਉਸਦੇ ਪਰਿਵਾਰ ਨੂੰ ਸੌੰਪਿਆ
ਨਵਾਂਸ਼ਹਿਰ : (ਵਿਪਨ ਕੁਮਾਰ) : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਗਿਆ ਕਿ ਸਾਲ 2022 ਵਿਚ ਅਮਰਦੀਪ ਸਿੰਘ ਵਾਸੀ, ਪਿੰਡ ਮੰਗੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇਕ ਗੁੰਮਸ਼ੁਦਾ ਬੱਚਾ, ਜੋ ਕਿ ਸੁਣ ਅਤੇ ਬੋਲ ਵੀ ਨਹੀਂ ਸਕਦਾ ਸੀ, ਸਬੰਧੀ ਜਾਣਕਾਰੀ ਬੰਗਾ ਪੁਲਿਸ ਸਟੇਸ਼ਨ ਰਾਹੀਂ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਦਿੱਤੀ ਗਈ। ਕਮੇਟੀ ਨੂੰ ਕੇਸ ਸਬੰਧੀ ਜਾਣਕਾਰੀ ਮਿਲਣ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚੇ ਦੇ ਕੇਸ ਸਬੰਧੀ ਜਾਂਚ-ਪੜਤਾਲ ਕਰਨ ਉਪਰੰਤ ਮੌਕੇ ‘ਤੇ ਬੱਚੇ ਦੇ ਪਰਿਵਾਰ ਦਾ ਕੁਝ ਪਤਾ ਨਹੀਂ ਲੱਗਿਆ ਅਤੇ ਬੱਚੇ ਦੇ ਬੇਸਹਾਰਾ ਹਾਲਤ ਵਿਚ ਹੋਣ ਕਾਰਨ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਬੱਚੇ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਚਿਲਡਰਨ ਹੋਮ ਫਾ ਬੋਆਇਜ਼ ਹੁਸ਼ਿਆਰਪੁਰ ਵਿਖੇ ਆਸਰਾ ਦਿੱਤਾ ਗਿਆ, ਜਿਥੇ ਬੱਚੇ ਨੂੰ ਰਹਿਣ, ਖਾਣ, ਮੈਡੀਕਲ ਕਾਉਂਸਲਿੰਗ ਸਬੰਧੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਦੱਸਿਆ ਗਿਆ ਕਿ ਜਦੋਂ ਬੱਚਾ ਮਿਲਿਆ ਸੀ, ਉਦੋਂ ਉਸਦੀ ਉਮਰ ਤਕਰੀਬਨ 16 ਸਾਲ ਸੀ ਅਤੇ ਬੱਚੇ ਨੂੰ ਅਪ੍ਰੈਲ 2024 ਵਿਚ 18 ਸਾਲ ਦਾ ਹੋਣ ਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਲੁਧਿਆਣਾ ਵਿਖੇ ਚਲਾਏ ਜਾ ਰਹੇ ਹੈਵਨਲੀ ਐਂਜਲ ਚਿਲਡਰਨ ਹੋਮ ਵਿਖੇ ਸ਼ਿਫਟ ਕੀਤਾ ਗਿਆ, ਜਿਥੇ ਬੱਚੇ ਦੇ ਪਿਛੋਕੜ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਗਏ ਅਤੇ ਆਧਾਰ ਕਾਰਡ ਸਬੰਧੀ ਫਿੰਗਰ ਪ੍ਰਿੰਟ ਲਗਾਉਣ ‘ਤੇ ਪਤਾ ਲੱਗਿਆ ਕਿ ਬੱਚੇ ਦਾ ਪਿਛੋਕੜ ਜ਼ਿਲ੍ਹਾ ਪੂਰਨੀਆ, ਬਿਹਾਰ ਤੋਂ ਹੈ। ਜਿਸ ਦੀ ਜਾਣਕਾਰੀ ਮਿਲਣ ‘ਤੇ ਕੰਚਨ ਅਰੋੜਾ ਵੱਲੋਂ ਜੂਵੇਨਾਈਲ ਜਸਟਿਸ ਐਕਟ 2015 ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੂਰਨੀਆ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਤਾਲਮੇਲ ਕਰਨ ਉਪਰੰਤ ਬੱਚੇ ਦੇ ਪਰਿਵਾਰ ਸਬੰਧੀ ਸੋਸ਼ਲ ਇਨਵੈਸਟੀਗੇਸ਼ਨ ਕਰਵਾਈ ਗਈ ਜਿਸ ‘ਤੇ ਬੱਚੇ ਦੇ ਪਰਿਵਾਰ ਦੀ ਪਛਾਣ ਹੋ ਸਕੀ ਅਤੇ ਪਰਿਵਾਰ ਨੇ ਵੀ ਬੱਚੇ ਦੇ ਦੋ ਸਾਲ ਪਹਿਲਾਂ ਗੁੰਮ ਹੋਣ ਸਬੰਧੀ ਸਹਿਮਤੀ ਜਤਾਈ। ਬੱਚੇ ਦੇ ਪਰਿਵਾਰ ਦੇ ਦਸਤਾਵੇਜ਼ ਵੈਰੀਫਾਈ ਕਰਨ ਉਪਰੰਤ ਅਤੇ ਕੇਸ ਦੀ ਪੂਰੀ ਜਾਂਚ-ਪੜਤਾਲ ਕਰਨ ਉਪਰੰਤ ਬੱਚੇ ਨੂੰ ਉਸਦੇ ਪਰਿਵਾਰ ਨੂੰ ਸੌਂਪਣ ਦਾ ਫ਼ੈਸਲਾ ਲਿਆ ਗਿਆ ਅਤੇ ਬਾਲ ਭਲਾਈ ਕਮੇਟੀ ਵੱਲੋਂ ਕਾਰਵਾਈ ਕਰਦੇ ਹੋਏ ਬੱਚੇ ਨੂੰ ਉਸਦੇ ਨੇਟਿਵ ਲੈਂਡ ਬਿਹਾਰ ਭੇਜਣ ਲਈ ਪੁਲਿਸ ਐਸਕੋਰਟ ਦੀ ਵਿਵਸਥਾ ਵੀ ਕਰ ਲਈ ਗਈ ਸੀ ਅਤੇ ਆਉਣ ਵਾਲੀ 26 ਸਤੰਬਰ ਨੂੰ ਬੱਚੇ ਨੂੰ ਜ਼ਿਲ੍ਹਾ ਪੂਰਨੀਆ, ਬਿਹਾਰ ਛੱਡ ਕੇ ਆਉਣ ਲਈ ਟਰੇਨ ਦੀ ਟਿਕਟ ਵੀ ਬੁੱਕ ਕਰਵਾ ਲਈ ਗਈ ਸੀ ਪਰੰਤੂ ਮਿਤੀ 24 ਸਤੰਬਰ 2024 ਨੂੰ ਬੱਚੇ ਦੀ ਮਾਤਾ ਸੁਲੇਖਾ ਦੇਵੀ ਵੱਲੋਂ ਫੋਨ ਰਾਹੀਂ ਦੱਸਿਆ ਗਿਆ ਕਿ ਉਹ ਬੱਚੇ ਨੂੰ ਲੈਣ ਲਈ ਨਵਾਂਸ਼ਹਿਰ ਪਹੁੰਚ ਗਈ ਹੈ, ਜਿਸਦੇ ਚਲਦੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਧੀਨ ਤਾਇਨਾਤ ਸੌਰਵ ਸ਼ਰਮਾ ਵੱਲੋਂ ਲੁਧਿਆਣਾ ਹੋਮ ਵਿਖੇ ਰਹਿ ਰਹੇ ਗੁੰਮਸ਼ੁਦਾ ਬੱਚੇ ਨੂੰ ਨਵਾਂਸ਼ਹਿਰ ਲਿਆਂਦਾ ਗਿਆ ਅਤੇ ਬਾਲ ਭਲਾਈ ਕਮੇਟੀ ਚੇਅਰਪਰਸਨ ਸੋਨੀਆ ਅੰਗ੍ਰਿਸ਼ ਵੱਲੋਂ ਬੱਚੇ ਨੂੰ ਉਸਦੇ ਪਰਿਵਾਰ ਨਾਲ ਸੌਂਪਣ ਲਈ ਹੁਕਮ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਮੌਜੂਦਗੀ ਵਿਚ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਵਾਇਆ ਗਿਆ ਅਤੇ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਬੱਚੇ ਨੂੰ ਉਸਦੇ ਪਰਿਵਾਰ ਨੂੰ ਸੌਂਪਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਆਉਣ ਵਾਲੇ ਸਮੇਂ ਵਿਚ ਵੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਗਰੂਪ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸੋਨੀਆ ਅੰਗ੍ਰਿਸ਼ ਚੇਅਰਪਰਸਨ ਬਾਲ ਭਲਾਈ ਕਮੇਟੀ, ਸੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ ਆਈ ਸੀ ਦੇ ਨਾਲ-ਨਾਲ ਬੱਚੇ ਦੀ ਮਾਤਾ ਸੁਲੇਖਾ ਦੇਵੀ ਅਤੇ ਉਸਦੀ ਮਾਸੀ ਮੌਜੂਦ ਸੀ।