45 ਸ਼ਰਧਾਲੂਆਂ ਦਾ 51ਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਭੇਜਿਆ ਗਿਆ ਇਸ ਮਹੀਨੇ ਦਾ ਦੂਸਰਾ ਅਤੇ ਕੁਲ ਮਿਲਾ ਕੇ 51ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।
ਇਹ ਜਾਣਕਾਰੀ ਦਿੰਦਿਆਂ ਹੋਇਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੀ ਕਰਮਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜੇ ਗਏ ਇਸ ਜੱਥੇ ਵਿਚ ਕਰੀਬ 45 ਮੈਂਬਰ ਸ਼ਾਮਲ ਸਨ ਜਿਨ੍ਹਾਂ ਨੇ ਆਪਣੀ ਜਿੰਦਗੀ ਵਿਚ ਪਹਿਲੀ ਵਾਰ ਇਸ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਇਸ ਯਾਤਰਾ ਦਾ ਉਤਸ਼ਾਹ ਦਰਸ਼ਨ ਕਰਕੇ ਵਾਪਸ ਪਰਤੇ ਇਨ੍ਹਾਂ ਸ਼ਰਧਾਲੂਆਂ ਦੇ ਚਿਹਰਿਆਂ ਤੋਂ ਸਾਫ ਪੜਿਆ ਜਾ ਸਕਦਾ ਸੀ।
ਯਾਤਰਾ ਦੇ ਨਾਲ ਗਏ ਜਥੇ ਦੇ ਆਗੂ ਹਰਮੀਤ ਸਿੰਘ ਨੇ ਦੱਸਿਆ ਕਿ ਗੁ: ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਕਰਤਾਰਪੁਰ ਸਾਹਿਬ ਪਹੁੰਚੇ ਇਸ ਜੱਥੇ ਦੇ ਮੈਂਬਰਾਂ ਨੇ ਗੁਰਦੁਆਰਾ ਦਰਬਾਰ ਸਾਹਿਬ, ਮਜਾਰ ਸਾਹਿਬ, ਖੂਹ ਸਾਹਿਬ ਅਤੇ ਖੇਤੀ ਸਾਹਿਬ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਨਾਲ ਜੁੜੀਆਂ ਯਾਦਾਂ ਦੇ ਦਰਸ਼ਨ ਵੀ ਕੀਤੇ ਅਤੇ ਇਸ ਅਲੌਕਿਕ ਸਥਾਨ ਤੇ ਆ ਕੇ ਇਕ ਵਿਸ਼ੇਸ਼ ਖੁਸ਼ੀ ਦਾ ਅਨੁਭਵ ਕੀਤਾ। ਇਸ ਮੌਕੇ ਸਮੂਹ ਮੈਂਬਰ ਸਾਹਿਬਾਨ ਅਰਦਾਸ ਵਿਚ ਸ਼ਾਮਲ ਹੋਏ ਅਤੇ ਗੁਰੂ ਕਾ ਲੰਗਰ ਵੀ ਛੱਕਿਆ। ਇਸ ਮੌਕੇ ਸੁਰਜੀਤ ਸਿੰਘ ਹੁਣਾਂ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਅਰੰਭ ਕੀਤੀ ਗਈ ਲੜੀਵਾਰ ਯਾਤਰਾ ਦੀ ਇਹ ਸੇਵਾ ਭਵਿੱਖ ਵਿਚ ਵੀ ਜਾਰੀ ਰਹੇਗੀ। ਯਾਤਰਾ ਲਈ ਸ਼ਰਧਾਲੂਆਂ ਦਾ ਅਗਲਾ ਅਤੇ 52ਵਾਂ ਜੱਥਾ 10 ਜਨਵਰੀ ਨੂੰ ਭੇਜਿਆ ਜਾਵੇਗਾ।
ਇਸ ਯਾਤਰਾ ਵਿਚ ਨਵਾਂਸ਼ਹਿਰ, ਬੰਗਾ, ਗੜ੍ਹਸ਼ੰਕਰ, ਬਲਾਚੌਰ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਸ਼ਾਮਲ ਸਨ। ਜੱਥੇ ਦੇ ਮੈਂਬਰਾਂ ਵਿਚ ਕਮਲਵੀਰ ਸਿੰਘ ਬੰਗਾ, ਇਕਬਾਲ ਸਿੰਘ ਸਚਦੇਵਾ, ਜਸਪਾਲ ਸਿੰਘ ਨਵਾਂਸ਼ਹਿਰ, ਅਵਤਾਰ ਸਿੰਘ ਪੱਲੀਆਂ, ਬਲਵਿੰਦਰ ਸਿੰਘ ਸੰਧੂ, ਪਿੰਡ ਮੋਹਣੋਵਾਲ ਤੋਂ ਗੁਰਮਿੰਦਰ ਸਿੰਘ, ਕਸ਼ਮੀਰ ਸਿੰਘ, ਹਰਨੇਕ ਸਿੰਘ ਜਸਵੀਰ ਸਿੰਘ, ਰਣਜੀਤ ਸਿੰਘ, ਸੁਖਵੀਰ ਸਿੰਘ, ਨਰੇਸ਼ ਕੁਮਾਰ ਖਟਕੜ, ਅਵਤਾਰ ਕੌਰ ਸਿਕੰਦਰਪੁਰ ਵੀ ਸ਼ਾਮਲ ਸਨ।